
ਮੋਦੀ ਸਰਕਾਰ ਦੀਆਂ ਮਜ਼ਦੂਰ-ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ 10 ਪ੍ਰਮੁੱਖ ਟਰੇਡ ਯੂਨੀਅਨਾਂ ਦੇ ਦੇਸ਼
ਚੰਡੀਗੜ੍ਹ, 3 ਜੁਲਾਈ (ਗੁਰਉਪਦੇਸ਼ ਭੁੱਲਰ): ਮੋਦੀ ਸਰਕਾਰ ਦੀਆਂ ਮਜ਼ਦੂਰ-ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ 10 ਪ੍ਰਮੁੱਖ ਟਰੇਡ ਯੂਨੀਅਨਾਂ ਦੇ ਦੇਸ਼ ਵਿਆਪੀ ਸੱਦੇ ਉਪਰ ਪੰਜਾਬ ਵਿਚ ਵੀ ਪੂਰੇ ਸੂਬੇ ਅੰਦਰ ਥਾਂ ਥਾਂ ਰੋਸ ਮੁਜ਼ਾਹਰੇ ਅਤੇ ਰੈਲੀਆਂ ਹੋਈਆਂ। ਪੰਜਾਬ ਵਿਚ ਇਨ੍ਹਾਂ ਦੀ ਅਗਵਾਈ ਮੁੱਖ ਤੌਰ ’ਤੇ ਸੀਟੂ, ਏਟਕ, ਇੰਟਕ, ਇਫਟੂ ਆਦਿ ਟਰੇਡ ਯੂਨੀਅਨਾਂ ਨੇ ਕੀਤੀ। ਹਰ ਸ਼ਹਿਰ ਦੇ ਪ੍ਰਮੁੱਖ ਸਨਅਤੀ ਅਤੇ ਹੋਰ ਕੇਂਦਰਾਂ ਉਪਰ ਹੱਥਾਂ ਵਿਚ ਯੂਨੀਅਨਾਂ ਦੇ ਝੰਡੇ ਲਈ ਰੋਸ ਮੁਜ਼ਾਹਰੇ ਕਰਦੇ ਅਤੇ ਮੋਦੀ ਸਰਕਾਰ ਵਿਰੁਰਧ ਨਾਅਰੇਬਾਜ਼ੀ ਕਰਦੇ ਕਾਮੇ ਵਿਖਾਈ ਦਿਤੇ।
ਸੂਬਾ ਸਰਕਾਰ ਵਿਰੁਧ ਵੀ ਮਹਾਂਮਰੀ ਸਮੇਂ ਸਾਰੇ ਮੁਲਾਜ਼ਮਾਂ ਨੂੰ ਬੀਮਾ ਅਤੇ ਹੋਰ ਸਹੂਲਤਾਂ ਨਾ ਦੇਣ ਵਿਰੁਧ ਵੀ ਰੋਸ ਪ੍ਰਗਟ ਕੀਤਾ ਗਿਆ। ਕੇਂਦਰ ਸਰਕਾਰ ਤੋਂ ਕਿਰਤ ਕਾਨੂੰਨਾਂ ਵਿਚ ਸੋਧਾਂ ਵਾਪਸ ਲੈਣ ਅਤੇ ਰੇਲਵੇ ਵਰਗੇ ਵਿਭਾਗਾਂ ਦਾ ਨਿਜੀਕਰਨ ਬੰਦ ਕਰਨ ਦੀ ਮੰਗ ਕੀਤੀ ਗਈ। ਇਨ੍ਹਾਂ ਮੁਜ਼ਾਹਰਿਆਂ ਵਿਚ ਆਂਗਨਵਾੜੀ ਮੁਲਾਜ਼ਮਾਂ ਅਤੇ ਪਨਬਸ ਅਤੇ ਰੋਡਵੇਜ਼ ਕਾਮਿਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ।