
ਸਿੱਖ ਰੈਜੀਮੈਂਟ ਦੀ 8 ਸਿੱਖ ਵਲੋਂ ਸ਼ਹੀਦ ਦੀ 7 ਸਾਲਾ ਧੀ ਨਿਮਰਤ ਕੌਰ ਨੂੰ ਗੋਦ ਲਿਆ ਗਿਆ ਅਤੇ ਉਸ ਦੀ ਪੜ੍ਹਾਈ ਤੇ ਹਰ ਪ੍ਰਕਾਰ ਦਾ ਖ਼ਰਚਾ ਚੁਕਣ ਦਾ ਵਾਅਦਾ ਕੀਤਾ ਗਿਆ।
ਅਜਨਾਲਾ (ਪਪ) : ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਅੱਬੂਸੈਦ ਦੇ ਜਵਾਨ ਹਰਪ੍ਰਰੀਤ ਸਿੰਘ (ਸੈਨਾ ਮਾਡਲ) ਉੜੀ ਸੈਕਟਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ 2015 ਵਿਚ ਸ਼ਹੀਦ ਹੋ ਗਏ ਸਨ। ਸਨਿਚਰਵਾਰ ਨੂੰ ਸ਼ਹੀਦ ਹਰਪ੍ਰੀਤ ਸਿੰਘ ਦੀ ਬਰਸੀ ਮੌਕੇ ਸਿੱਖ ਰੈਜੀਮੈਂਟ ਦੀ 8 ਸਿੱਖ ਵਲੋਂ ਸ਼ਹੀਦ ਦੀ 7 ਸਾਲਾ ਧੀ ਨਿਮਰਤ ਕੌਰ ਨੂੰ ਗੋਦ ਲਿਆ ਗਿਆ ਅਤੇ ਉਸ ਦੀ ਪੜ੍ਹਾਈ ਤੇ ਹਰ ਪ੍ਰਕਾਰ ਦਾ ਖ਼ਰਚਾ ਚੁਕਣ ਦਾ ਵਾਅਦਾ ਕੀਤਾ ਗਿਆ।
ਇਸ ਮੌਕੇ ਸ਼ਹੀਦ ਹਰਪ੍ਰੀਤ ਸਿੰਘ ਦੇ ਘਰ ਆਏ 8 ਸਿੱਖ ਬਟਾਲੀਅਨ ਦੇ ਸੂਬੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਹਿੰਮਤ ਕੰਡਪਾਲ ਤੇ ਸੂਬੇਦਾਰ ਮੇਜਰ ਭੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹੀਦ ਦੀ 7 ਸਾਲਾ ਬੇਟੀ ਨੂੰ ਉਨ੍ਹਾਂ ਦੀ ਰੈਜੀਮੈਂਟ ਵਲੋਂ ਗੋਦ ਲਿਆ ਗਿਆ ਹੈ ਅਤੇ ਉਸ ਦੀ ਹਰ ਤਰ੍ਹਾਂ ਦੀ ਪਰਵਰਿਸ਼ ਤੇ ਪੜ੍ਹਾਈ ਦਾ ਉਹ ਜ਼ਿੰਮਾ ਚੁੱਕਦੇ ਹਨ।
ਇਹ ਵੀ ਪੜ੍ਹੋ - ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ ਮਹਾਂਮਾਰੀ ਦੌਰਾਨ ਸੇਵਾਵਾਂ ਲਈ ਸਿੱਖਾਂ ਦੀ ਸ਼ਲਾਘਾ ਕੀਤੀ
ਇਸ ਮੌਕੇ ਸ਼ਹੀਦ ਦੇ ਪਿਤਾ ਗੁਰਵੇਲ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਪੁੱਤਰ ਦਾ ਵਿਛੋੜਾ ਝਲਣਾ ਬਹੁਤ ਔਖਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਹਰਪ੍ਰੀਤ ਅਪਣੇ ਪਿਛੇ ਪਤਨੀ ਤੇ ਦੋ ਧੀਆਂ ਛੱਡ ਗਿਆ ਹੈ ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਅਪਣੇ ਪੁੱਤਰ ਦੀ ਫ਼ੋਟੋ ਨਜ਼ਰ ਆਉਂਦੀ ਹੈ। ਇਨ੍ਹਾਂ ਧੀਆਂ ਤੇ ਅਪਣੀ ਨੂੰਹ ਦੇ ਸਹਾਰੇ ਉਹ ਬੁਢਾਪਾ ਬਤੀਤ ਕਰ ਰਹੇ ਹਨ।
ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੀਆਂ ਸਰਹੱਦਾਂ ’ਤੇ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ ਤਾਂ ਜੋ ਮਾਪਿਆਂ ਦੇ ਪੁੱਤਰ ਬੱਢਾਪੇ ਵੇਲੇ ਉਨ੍ਹਾਂ ਦਾ ਸਹਾਰਾ ਬਣਨ। ਸ਼ਹੀਦ ਦੀ ਪਤਨੀ ਇੰਦਰਜੀਤ ਕੌਰ ਨੇ ਬਟਾਲੀਅਨ ਦਾ ਧਨਵਾਦ ਕਰਦਿਆਂ ਕਿਹਾ ਕਿ ਪਤੀ ਦੇ ਸ਼ਹੀਦ ਹੋਣ ਤੋਂ ਬਾਅਦ ਰੈਜੀਮੈਂਟ ਵਲੋਂ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿਤੀ ਤੇ ਲੋੜ ਵੇਲੇ ਰੈਜੀਮੈਂਟ ਉਨ੍ਹਾਂ ਦੀ ਬਾਂਹ ਫੜਦੀ ਹੈ। ਇਸ ਮੌਕੇ 8 ਸਿੱਖ ਤੋਂ ਸੂਬੇਦਾਰ ਅਵਤਾਰ ਸਿੰਘ, ਸਾਬਕਾ ਸੂਬੇਦਾਰ ਧਨਰਾਜ ਸਿੰਘ, ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਸਰਬਜੀਤ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ।