
ਵਿਕਾਸ ਕੰਮਾਂ ਦਾ ਉਦਘਾਟਨ ਕਰਨ ਆਏ ਵਿਧਾਇਕ ਘੁਬਾਇਆ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ
ਫ਼ਾਜ਼ਿਲਕਾ, 3 ਜੁਲਾਈ (ਅਨੇਜਾ) : ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਖੂਈਖੇੜਾ ’ਚ ਅੱਜ ਵਿਕਾਸ ਕੰਮਾਂ ਦਾ ਉਦਘਾਟਨ ਕਰਨ ਲਈ ਗਏ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਪਿੰਡ ਵਾਸੀਆਂ ਵਲੋਂ ਜਮ ਕੇ ਵਿਰੋਧ ਕੀਤਾ ਗਿਆ ਅਤੇ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ। ਇਸ ਮੌਕੇ ਤੈਨਾਤ ਭਾਰੀ ਗਿਣਤੀ ’ਚ ਪੁਲਿਸ ਬਲ ਤੈਨਾਤ ਸੀ ਜਿਸ ਵਲੋਂ ਵਿਧਾਇਕ ਘੁਬਾਇਆ ਦੀ ਗੱਡੀ ਨੂੰ ਪੂਰੀ ਸੁਰਖਿਆ ’ਚ ਉਕਤ ਸਥਾਨ ਤੋਂ ਬਾਹਰ ਕੱਢਿਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਹਾਜ਼ਰ ਪਿੰਡ ਵਾਸੀਆਂ ਨੇ ਫ਼ਾਜ਼ਿਲਕਾ-ਅਬੋਹਰ ਰੋਡ ਨੂੰ ਜਾਮ ਕਰ ਕੇ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਪਿੰਡ ਵਾਸੀ ਜੁਗਨੂ ਅਤੇ ਹੋਰਨਾਂ ਨੇ ਦਸਿਆ ਕਿ ਪੰਜਾਬ ਸਰਕਾਰ ਨੂੰ ਬਣੇ ਲਗਭਗ ਸਾਢੇ ਚਾਰ ਹੋ ਗਏ ਹਨ ਅਤੇ ਫ਼ਾਜ਼ਿਲਕਾ ਦੇ ਵਿਧਾਇਕ ਇਕ ਵਾਰ ਵੀ ਪਿੰਡ ਖੂਈਖੇੜਾ ਦੇ ਵਾਸੀਆਂ ਦਾ ਹਾਲ ਜਾਣਨ ਨਹੀਂ ਆਏ। ਸਿਰਫ਼ ਇਕ ਬੰਦੇ ਪ੍ਰੇਮ ਕੁਲਰੀਆ ਕੋਲ ਆ ਕੇ ਮੁੜ ਜਾਂਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਜਦ ਉਨ੍ਹਾਂ ਨੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਪੁਛਣਾ ਚਾਹਿਆ ਕਿ ਚਾਰ ਸਾਲ ਉਹ ਕਿਥੇ ਰਹੇ ਅਸੀਂ ਤਾਂ ਗੁਮਸ਼ੁਦਗੀ ਦੀ ਰੀਪੋਰਟ ਲਿਖਵਾਉਣ ਲੱਗੇ ਸੀ।
ਪਿੰਡ ਵਾਸੀਆਂ ਨੇ ਦਸਿਆ ਕਿ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਪਣੇ ਨਾਲ 10-12 ਗੱਡੀਆਂ ’ਚ ਬੰਦੇ ਲਿਆ ਕੇ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਪਿੰਡ ਵਾਸੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਵ. ਸਰਪੰਚ ਭੌਮਾ ਰਾਮ ਦੀ ਮੌਤ ਹੋ ਗਈ ਹੈ ਅਤੇ ਜੋ ਅੱਜ ਵਿਧਾਇਕ ਇਹ ਉਦਘਾਟਨ ਕਰਨ ਆਏ ਹਨ ਉਹ ਵਿਕਾਸ ਸਰਪੰਚ ਭੋਮਾ ਰਾਮ ਨੇ ਸੈਂਟਰ ਸਰਕਾਰ ਦੇ ਪੈਸੇ ਨਾਲ ਕੀਤਾ ਸੀ। ਵਿਧਾਇਕ ਘੁਬਾਇਆ ਨੇ ਤਾਂ ਇਕ ਰੁਪਇਆ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਜੇ ਅੱਜ ਅਸੀਂ ਗੱਲ ਕਰਨੀ ਚਾਹੀ ਤਾਂ ਸਾਨੂੰ ਦਬਾਬਿਆ ਗਿਆ। ਉਨ੍ਹਾਂ ਦਸਿਆ ਕਿ ਪੰਚਾਇਤ ਮੈਂਬਰ ਸੁਨੀਲ ਕੁਮਾਰ ਵਿੱਕੀ ਨੂੰ ਵਿਧਾਇਕ ਘੁਬਾਇਆ ਦੇ ਨਾਲ ਆਏ ਵਿਅਕਤੀਆਂ ਨੇ ਅਖੌਤੀ ਰੂਪ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਵਿਧਾਇਕ ਦੇ ਨਾਲ ਆਏ ਇਕ ਪੁਲਿਸ ਕਰਮਚਾਰੀ ਨੇ ਉਸ ਨੂੰ ਥੱਪੜ ਮਾਰਿਆ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਵਿਧਾਇਕ ਘੁਬਾਇਆ ਨੂੰ ਪਿੰਡ ’ਚ ਵੜਨ ਨਹੀਂ ਦਿਆਂਗੇ ਅਤੇ ਜੋ ਅੱਜ ਪੰਚਾਇਤ ਮੈਂਬਰ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਥੱਪੜ ਮਾਰਿਆ ਗਿਆ ਹੈ ਉਸ ਦਾ ਇਨਸਾਫ਼ ਦਿਵਾਇਆ ਜਾਵੇ ਅਤੇ ਜਦੋਂ ਤਕ ਇਨਸਾਫ਼ ਨਹੀਂ ਦਿਵਾਇਆ ਜਾਂਦਾ ਉਦੋਂ ਤਕ ਫ਼ਾਜ਼ਿਲਕਾ-ਅਬੋਹਰ ਰੋਡ ’ਤੇ ਲਗਾਇਆ ਗਿਆ ਜਾਮ ਜਾਰੀ ਰਹੇਗਾ।
ਫਾਜ਼ਿਲਕਾ ਫੋਟੋ : 02
ਫੋਟੋ ਕੈਪਸ਼ਨ:
ਫਾਜ਼ਿਲਕਾ ਫੋਟੋ : 03
ਫੋਟੋ ਕੈਪਸ਼ਨ: ਜ਼ਿਲ੍ਹੇ ਦੇ ਪਿੰਡ ਖੂਈਖੇੜਾ ’ਚ ਧਰਨੇ ਵਾਲੀ ਥਾਂ ’ਤੇ ਤੈਨਾਤ ਹਾਜ਼ਰ ਪੁਲਿਸ ਕਰਮਚਾਰੀ।