
ਪਰਿਵਾਰ ਨੇ ਪੁੱਤ ਦੀ ਦੇਹ ਭਾਰਤ ਲਿਆਉਣ ਲਈ ਲਗਾਈ ਗੁਹਾਰ
ਡੇਰਾਬੱਸੀ - ਵਰਕ ਪਰਮਿਟ 'ਤੇ ਅਪਣੇ ਰਿਸ਼ਤੇਦਾਰਾਂ ਨਾਲ ਲੀਬੀਆ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਟੋਨੀ ਜੋ ਕਿ ਡੇਰਾਬੱਸੀ ਦਾ ਰਹਿਣ ਵਾਲਾ ਹੈ ਉਹ ਅਪਣੇ ਚਾਚੇ ਤੇ ਫੁੱਫੜ ਨਾਲ ਵਰਕ ਪਰਮਿਟ 'ਤੇ ਸਰਬੀਆ ਲਈ ਰਵਾਨਾ ਹੋਏ ਸਨ। ਉਹ ਤਿਨੋਂ ਹੀ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਏ। ਇਹ ਤਿੰਨੋਂ ਦੁਬਈ, ਕੁਵੈਤ ਦੇ ਰਸਤੇ ਲੀਬੀਆ ਵਿਚ ਫਸੇ ਹੋਏ ਸਨ।
ਦੱਸਿਆ ਜਾ ਰਿਹਾ ਹੈ ਕਿ ਟੋਨੀ ਦੀ ਰੋਸ਼ਨਦਾਨ ਤੋਂ ਛਾਲ ਮਾਰਨ ਕਾਰਨ ਮੌਤ ਹੋਈ ਹੈ। ਛਾਲ ਮਾਰਦੇ ਸਮੇਂ ਟੋਨੀ ਸਿਰ ਦੇ ਭਾਰ ਡਿੱਗਿਆ ਸੀ ਜਿਸ ਕਰ ਕੇ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਬਾਰੇ ਹਾਲ ਹੀ ਵਿਚ ਏਜੰਟ ਨੇ ਪਰਿਵਾਰ ਕੋਲ ਖੁਲਾਸਾ ਕੀਤਾ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਸਮੇਤ ਤਿੰਨੇ ਲਾਪਤਾ ਰਿਸ਼ਤੇਦਾਰਾਂ ਨੂੰ ਵਾਪਸ ਲਿਆਉਣ ਲਈ ਭਾਰਤੀ - ਦੂਤਾਵਾਸ ਅਤੇ ਸੂਬਾ ਸਰਕਾਰ ਦੇ ਚੱਕਰ ਕੱਟੇ ਜਾ ਰਹੇ ਹਨ।
ਟੋਨੀ ਦੇ ਮਾਮੇ ਨੇ ਦੱਸਿਆ ਕਿ ਪੇਹਵਾ ਦੇ ਏਜੰਟ ਮਦਨ ਤੇ ਉਸ ਦੇ ਸਾਥੀਆਂ 'ਤੇ ਹੰਡੇਸਰਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਏਜੰਟ ਮਦਨ ਬੀਤੇ ਐਤਵਾਰ ਉਹਨਾਂ ਦੇ ਘੜ ਆਇਆ ਸੀ ਤੇ ਦੱਸਿਆ ਕਿ ਟੋਨੀ ਦੀ 2 ਮਹੀਨੇ ਪਹਿਲਾਂ ਬਿਲਡਿੰਗ ਦੇ ਰੋਸ਼ਨਦਾਨ ਤੋਂ ਛਾਲ ਮਾਰਨ ਕਾਰਨ ਮੌਤ ਹੋ ਗਈ ਹੈ। ਉਸ ਨੂੰ ਵੀ ਇਸ ਦੀ ਜਾਣਕਾਰੀ ਕੁੱਝ ਦਿਨ ਪਹਿਲਾਂ ਹੀ ਮਿਲੀ ਹੈ।
ਟੋਨੀ ਨੂੰ ਕੁੱਝ ਦਿਨ ਹਸਪਤਾਲ ਵਿਚ ਵੀ ਰੱਖਿਆ ਗਿਆ ਸੀ ਪਰ ਉਸ ਨੇ ਦਮ ਤੋੜ ਦਿੱਤਾ। ਲੀਬੀਆ ਵਿਚ ਫਸੇ ਬਲਬੀਰ ਸਿੰਘ ਦੇ ਬੇਟੇ ਸੰਦੀਪ ਸਿੰਘ ਤੇ ਉਸ ਦੇ ਭਤੀਜੇ ਟੋਨੀ ਤੇ ਜੀਜਾ ਧਰਮਵੀਰ ਸਿੰਘ ਤਿੰਨੋਂ ਇਕੱਠੇ ਹੀ 6 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਸਰਬੀਆ ਲਈ ਰਵਾਨਾ ਹੋਏ ਸਨ। ਏਜੰਟ ਨੇ ਉਹਨਾਂ ਨੂੰ ਦੁਬਈ, ਕੁਵੈਤ, ਲੀਬੀਆ ਤੋਂ ਹੁੰਦੇ ਹੋਏ ਸਰਬੀਆ ਪਹੁੰਚਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਉੱਥੇ ਹੀ ਫਸ ਗਏ।
ਟੋਨੀ ਨਾਲ ਆਖਰੀ ਵਾਰ 6 ਮਈ ਨੂੰ ਗੱਲ ਹੋਈ ਸੀ ਜਦਕਿ ਸੰਦੀਪ ਤੇ ਧਰਮਵੀਰ ਨਾਲ 20 ਦਿਨ ਪਹਿਲਾਂ ਸੰਪਰਕ ਹੋਇਆ ਸੀ। ਦੋਨਾਂ ਨੇ ਇਹੀ ਦੱਸਿਆ ਸੀ ਕਿ ਉਹਨਾਂ ਨੂੰ ਜਿਸ ਠਿਕਾਣੇ 'ਤੇ ਰੱਖਿਆ ਗਿਆ ਸੀ ਉੱਥੇ ਪੁਲਿਸ ਦੀ ਰੇਡ ਪਈ ਸੀ ਤੇ ਜਿਹਨਾਂ ਛੇ ਲੋਕਾਂ ਨੂੰ ਫੜਿਆ ਗਿਆ ਸੀ ਉਸ ਵਿਚ ਧਰਮਵੀਰ ਤੇ ਸੰਦੀਪ ਵੀ ਸੀ ਜਦੋਂ ਕਿ ਟੋਨੀ ਉਹਨਾਂ ਤੋਂ ਅਲੱਗ ਹੋ ਗਿਆ ਸੀ।