
ਦਿਲ ਦੀ ਬਿਮਾਰੀ ਦਾ ਮਰੀਜ਼ ਸੀ ਮ੍ਰਿਤਕ
ਕਪੂਰਥਲਾ : ਪੰਜਾਬ ਦੇ ਕਪੂਰਥਲਾ ਸਿਟੀ ਥਾਣੇ ਵਿਚ ਤਾਇਨਾਤ ਇੱਕ ASI ਦੀ ਗਲਤ ਦਵਾਈ ਖਾਣ ਨਾਲ ਮੌਤ ਹੋ ਗਈ। ਮ੍ਰਿਤਕ ਏ.ਐਸ.ਆਈ. ਮਨਜੀਤ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਖਾਨੋਵਾਲਾ ਦਾ ਰਹਿਣ ਵਾਲਾ ਸੀ। ਏ.ਐਸ.ਆਈ. ਦੀ ਮੌਤ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਵਿਚ ਤਾਇਨਾਤ ਏ.ਐਸ.ਆਈ. ਮਨਜੀਤ ਸਿੰਘ ਦਿਲ ਦੀ ਬਿਮਾਰੀ ਦਾ ਇਲਾਜ ਕਰਵਾ ਰਿਹਾ ਸੀ। ਦੇਰ ਸ਼ਾਮ ਉਸ ਨੇ ਅਚਾਨਕ ਘਰ ਵਿਚ ਪਈ ਕੋਈ ਹੋਰ ਦਵਾਈ ਖਾ ਲਈ। ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਰਿਸ਼ਤੇਦਾਰਾਂ ਨੇ ਤੁਰੰਤ ਮਨਜੀਤ ਸਿੰਘ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ।
ਦੂਜੇ ਪਾਸੇ ਥਾਣਾ ਸਦਰ ਦੀ ਇੰਚਾਰਜ ਸੋਨਮਦੀਪ ਕੌਰ ਨੇ ਦਸਿਆ ਕਿ ਮ੍ਰਿਤਕ ਏ.ਐਸ.ਆਈ. ਮਨਜੀਤ ਸਿੰਘ ਦੀ ਪਤਨੀ ਨਿਰਮਲ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿਤੀ ਹੈ।