ਸਹੁਰੇ ਪ੍ਰਵਾਰ 'ਤੇ ਲੱਗੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਲੁਧਿਆਣਾ : ਇਥੇ ਇਕ ਵਿਆਹੁਤਾ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਵਿਆਹੁਤਾ ਨੇ ਅਪਣੀ ਸੱਸ ਅਤੇ ਪਤੀ ਦੀਆਂ ਟਿੱਪਣੀਆਂ ਤੋਂ ਤੰਗ ਆ ਕੇ ਇਹ ਕਦਮ ਚੁਕਿਆ। ਮ੍ਰਿਤਕ ਔਰਤ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ। ਅਮਨਦੀਪ ਦਾ ਵਿਆਹ 4 ਸਾਲ ਪਹਿਲਾਂ ਜਗਜੀਤ ਸਿੰਘ ਵਾਸੀ ਨਾਰੰਗਵਾਲ ਨਾਲ ਹੋਇਆ ਸੀ।
ਔਰਤ ਦੇ ਭਰਾ ਰਵਿੰਦਰ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਸ ਦਾ ਜੀਜਾ ਜਗਜੀਤ ਸਿੰਘ ਅਤੇ ਉਸ ਦੀ ਮਾਂ ਕਮਲਾ ਉਸ ਦੀ ਭੈਣ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਜੀਜਾ ਜਗਜੀਤ ਸਿੰਘ ਸ਼ਰਾਬ ਪੀ ਕੇ ਅਮਨਦੀਪ ਕੌਰ ਨਾਲ ਲੜਦਾ ਰਹਿੰਦਾ ਸੀ। ਕਈ ਵਾਰ ਉਸ ਦੀ ਭੈਣ ਨੇ ਅਪਣੇ ਪੇਕੇ ਘਰ ਆ ਕੇ ਲੜਾਈ ਬਾਰੇ ਦਸਿਆ ਕਿ ਉਸ ਦਾ ਪਤੀ ਅਤੇ ਸੱਸ ਉਸ ਨੂੰ ਤਾਹਨੇ ਮਾਰਦੇ ਸਨ ਕਿ ਉਸ ਦੇ ਪਿਤਾ ਨੇ ਇਕ ਹੋਰ ਔਰਤ ਰਾਖੀ ਹੋਈ ਹੈ। ਉਨ੍ਹਾਂ ਨੇ ਕਈ ਵਾਰ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ।
ਰਵਿੰਦਰ ਸਿੰਘ ਮੁਤਾਬਕ ਭੈਣ ਨੇ ਕੁਝ ਮਹੀਨਿਆਂ ਤੋਂ ਲੜਾਈ ਬਾਰੇ ਦੱਸਣਾ ਬੰਦ ਕਰ ਦਿਤਾ ਸੀ। 2 ਜੁਲਾਈ ਨੂੰ ਸ਼ਾਮ ਕਰੀਬ 6.30 ਵਜੇ ਉਸ ਦਾ ਜੀਜਾ ਜਗਜੀਤ ਅਤੇ ਉਸ ਦੀ ਮਾਂ ਕਮਲਾ ਘਰ ਵਿਚ ਮੌਜੂਦ ਸਨ। ਉਸ ਦਿਨ ਵੀ ਉਸ ਦੀ ਭੈਣ ਨਾਲ ਘਰ ਵਿਚ ਲੜਾਈ ਹੋਈ ਸੀ। ਪ੍ਰੇਸ਼ਾਨ ਹੋ ਕੇ ਅਮਨਦੀਪ ਕੌਰ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ। ਜਿਸ ਤੋਂ ਬਾਅਦ ਕਮਲਾ ਨੇ ਉਸ ਨੂੰ ਫੋਨ ਕਰ ਕੇ ਦਸਿਆ ਕਿ ਉਸ ਦੀ ਲੜਕੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ।
ਅਮਨਦੀਪ ਕੌਰ ਨੂੰ ਹਸਪਤਾਲ ਲਿਆਂਦਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਜੋਧਾਂ ਦੀ ਪੁਲਿਸ ਨੇ ਮੁਲਜ਼ਮ ਜਗਜੀਤ ਸਿੰਘ ਅਤੇ ਸੱਸ ਕਮਲਾ ਵਿਰੁਧ ਧਾਰਾ 306 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ।