
ਖੇਤੀਬਾੜੀ ਦੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਸਟਾਰਟਰ ਵਿਚ ਅਚਾਨਕ ਕਰੰਟ ਆ ਗਿਆ
ਰਾਮਪੁਰਾਫੂਲ : ਨਜਦੀਕੀ ਪਿੰਡ ਗਿੱਲ ਕਲਾਂ ਦੇ ਇਕ ਨੌਜੁਆਨ ਕਿਸਾਨ ਦੀ ਖੇਤੀ ਵਾਲੀ ਮੋਟਰ ਦੇ ਸਟਾਰਟਰ ਵਿਚ ਅਚਾਨਕ ਕਰੰਟ ਆ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਮ੍ਰਿਤਕ ਨੌਜੁਆਨ ਦੇ ਵੱਡੇ ਭਰਾ ਰਾਜਵਿੰਦਰ ਸਿੰਘ ਅਤੇ ਮਸੇਰੇ ਭਰਾ ਮਨਪ੍ਰੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਭੁਪਿੰਦਰ ਸਿੰਘ (33) ਸਾਲ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਡੇਰਾ ਬਾਬਾ ਬੰਸਰੀ ਪਿੰਡ ਗਿੱਲ ਕਲਾਂ ਖੇਤੀ ਕਰਨ ਤੋਂ ਇਲਾਵਾ ਤਪਾ ਮੰਡੀ ਦੀ ਦੀ ਇਕ ਫ਼ੈਕਟਰੀ ਵਿਚ ਬਤੌਰ ਸਟੋਰ ਕੀਪਰ ਕੰਮ ਕਰਦਾ ਸੀ। ਲੰਘੀ ਇਕ ਜੁਲਾਈ ਨੂੰ ਭੁਪਿੰਦਰ ਸਿੰਘ ਸ਼ਾਮ ਸਮੇਂ ਖੇਤੀਬਾੜੀ ਦੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਸਟਾਰਟਰ ਵਿਚ ਅਚਾਨਕ ਕਰੰਟ ਆ ਗਿਆ ਤੇ ਕਰੰਟ ਨੇ ਸੋਹਣੇ ਸੁਨੱਖੇ ਭੁਪਿੰਦਰ ਸਿੰਘ ਨੂੰ ਅਪਣੀ ਲਪੇਟ ਵਿਚ ਲੈ ਲਿਆ ਅਤੇ ਯਕਲਖਤ ਉਸ ਦੀ ਮੌਤ ਹੋ ਗਈ।
ਸਮਝਿਆ ਜਾਂਦਾ ਹੈ ਕਿ ਮੀਂਹਾਂ ਕਾਰਨ ਮੌਸਮ ’ਚ ਮੌਜੂਦ ਸਿੱਲ੍ਹ ਕਿਸੇ ਤਰ੍ਹਾਂ ਸਟਾਰਟਰ ਅੰਦਰ ਦਾਖ਼ਲ ਹੋ ਗਈ। ਪੁਲਿਸ ਕਾਰਵਾਈ ਅਤੇ ਪੋਸਟਮਾਰਟਮ ਉਪਰੰਤ ਭੁਪਿੰਦਰ ਸਿੰਘ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਰਾਣੀ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਹਾਲੇ ਕੋਈ ਬੱਚਾ ਵੀ ਨਹੀਂ ਸੀ ਹੋਇਆ। ਇਸ ਦਰਦਨਾਕ ਮੌਤ ਕਾਰਨ ਪਿੰਡ ਤੇ ਇਲਾਕਾ ਸ਼ੋਕ ਵਿਚ ਡੁੱਬ ਗਿਆ ਹੈ।