
ਨੌਜਵਾਨ ਨੂੰ 7 ਮਹੀਨੇ ਪਹਿਲਾਂ ਕਰਜ਼ਾ ਲੈ ਕੇ ਭੇਜਿਆ ਸੀ ਅਰਮੇਨੀਆ
Gurdaspur News : ਵਿਦੇਸ਼ 'ਚ ਆਪਣਾ ਭਵਿੱਖ ਬਣਾਉਣ ਗਏ ਨੌਜਵਾਨਾਂ ਵਿੱਚ ਹਾਰਟ ਅਟੈਕ ਦੇ ਮਾਮਲੇ ਵੱਧ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਅਰਮੇਨੀਆ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ 20 ਸਾਲਾ ਗੁਰਬਾਜ ਸਿੰਘ ਵਾਸੀ ਪਿੰਡ ਸਰਫਕੋਟ ਵਜੋਂ ਹੋਈ ਹੈ। ਜਵਾਨ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਜਾਣਕਾਰੀ ਅਨੁਸਾਰ ਗੁਰਬਾਜ਼ ਸਿੰਘ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਦੇ ਪਾਲਣ-ਪੋਸ਼ਣ ਲਈ 7 ਮਹੀਨੇ ਪਹਿਲਾਂ ਅਰਮੇਨੀਆ ਗਿਆ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਗੁਰਦਬਾਜ਼ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਮਾਂ ਨਾਲ ਗੱਲ ਕੀਤੀ ਸੀ।
ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
ਗੁਰਬਾਜ਼ ਨੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਸਦੀ ਤਬੀਅਤ ਠੀਕ ਨਹੀਂ ਹੈ। ਜਿਸ ਤੋਂ ਬਾਅਦ ਉਸਦੀ ਮਾਂ ਨੇ ਉਸਨੂੰ ਦਵਾਈ ਲੈਣ ਲਈ ਪੈਸੇ ਵੀ ਭੇਜ ਦਿੱਤੇ ਸੀ। ਕੁਝ ਦਿਨਾਂ ਬਾਅਦ ਗੁਰਬਾਜ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਿਵਾਰ ਨੇ 5 ਲੱਖ ਰੁਪਏ ਦਾ ਕਰਜ਼ਾ ਲੈ ਕੇ ਗੁਰਬਾਜ਼ ਨੂੰ ਵਿਦੇਸ਼ ਭੇਜਿਆ ਸੀ। ਆਪਣੇ ਬੁੱਢੇ ਮਾਤਾ-ਪਿਤਾ ਅਤੇ ਇਕ ਛੋਟੇ ਭਰਾ ਨੂੰ ਪਿੱਛੇ ਛੱਡ ਕੇ ਗੁਰਬਾਜ਼ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ,ਜਿੱਥੋਂ ਕਦੇ ਵਾਪਸ ਨਹੀਂ ਆ ਸਕਦਾ।