
ਕੋਰੋਨਾ ਦਾ ਪਿਆ ਰਖੜੀ ਦੇ ਤਿਉਹਾਰ 'ਤੇ ਪਰਛਾਵਾਂ
ਸੰਗਰੂਰ, 3 ਅਗੱਸਤ (ਬਲਵਿੰਦਰ ਸਿੰਘ ਭੁੱਲਰ): ਕੋਰੋਨਾ ਵਾਇਰਸ ਮਹਾਂਮਾਰੀ ਫੈਲਣ ਤੋਂ ਬਾਅਦ ਇਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਵਲੋਂ ਲਗਾਏ ਤਾਲਾਬੰਦੀ ਦੇ ਚਲਦਿਆਂ ਮੱਧਵਰਗੀ ਅਤੇ ਨਿਮਨ ਮੱਧਵਰਗੀ ਪ੍ਰਵਾਰਾਂ ਅੰਦਰ ਲੋੜ ਨਾਲੋਂ ਜ਼ਿਆਦਾ ਤੰਗੀ ਤੁਰਸ਼ੀ ਦਾ ਮਾਹੌਲ ਹੈ। ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰਖਦਿਆਂ ਭਾਵੇਂ ਇਸ ਤਾਲਾਬੰਦੀ ਤੋਂ ਕਾਫ਼ੀ ਛੋਟਾਂ ਵੀ ਦਿਤੀਆਂ ਗਈਆਂ ਪਰ ਆਮਦਨ ਦੇ ਸੀਮਤ ਸਾਧਨਾਂ ਨਾਲ ਗੁਜ਼ਾਰਾ ਕਰਨ ਵਾਲੇ ਪ੍ਰਵਾਰਾਂ ਉੱਪਰ ਇਸ ਦਾ ਮਾਰੂ ਅਸਰ ਲੰਮਾ ਸਮਾਂ ਬਣੇ ਰਹਿਣ ਦੀ ਆਸ ਹੈ। ਤਾਲਾਬੰਦੀ ਦੇ ਮੰਦਵਾੜੇ ਤੋਂ ਫੌਰਨ ਬਾਅਦ ਆਇਆ ਰਖੜੀਆਂ ਦਾ ਤਿਉਹਾਰ (ਰਕਸ਼ਾ ਬੰਧਨ) ਭਾਵੇਂ ਭੈਣਾਂ ਅਤੇ ਭਰਾਵਾਂ ਦੇ ਸਦੀਵੀ ਪਿਆਰ ਦਾ ਤਿਉਹਾਰ ਹੈ ਪਰ ਤਾਲਾਬੰਦੀ ਕਾਰਨ ਇਸ ਤਿਉਹਾਰ ਵਿਚਲਾ ਪਹਿਲਾਂ ਵਰਗਾ ਨਿੱਘ, ਤੜਪ, ਪਿਆਰ ਅਤੇ ਸਤਿਕਾਰ ਗਾਇਬ ਹੈ।
File Photo
ਤੰਗੀ ਤੁਰਸ਼ੀ ਦੇ ਝੰਬੇ ਕਈ ਵਿਅਕਤੀਆਂ ਦਾ ਤਾਂ ਇਹ ਵੀ ਕਹਿਣਾ ਹੈ ਪਿਆਰ ਅੱਗੇ ਕੱਚੇ ਧਾਗਿਆਂ ਦਾ ਕੀ ਮਾਅਨਾ ਹੈ। ਸੋ, ਕਿਹਾ ਜਾ ਸਕਦਾ ਹੈ ਕਿ ਭੈਣਾਂ ਭਰਾਵਾਂ ਦੇ ਪੱਕੇ ਪਿਆਰ ਅੱਗੇ ਭਾਵੇਂ ਕੱਚੇ ਧਾਗਿਆਂ ਦਾ ਕੋਈ ਮਹੱਤਵ ਨਹੀਂ ਪਰ ਸੰਕੇਤਕ ਤੌਰ ਉਤੇ ਵਿਆਹੀਆਂ ਧੀਆਂ ਇਨ੍ਹਾਂ ਕੱਚੇ ਧਾਗਿਆਂ ਵਿਚ ਪਿਆਰ ਅਤੇ ਮੁਹੱਬਤ ਨੂੰ ਗੁੰਦ ਕੇ ਅਪਣੇ ਭਰਾਵਾਂ ਕੋਲ ਮਿਠਾਈਆਂ ਲੈ ਕੇ ਪੇਕੇ ਘਰ ਪਹੁੰਚਦੀਆਂ ਹਨ ਅਤੇ ਉਨ੍ਹਾਂ ਦੀਆਂ ਲੰਮੇਰੀਆਂ ਉਮਰਾਂ ਦੀਆਂ ਸੁੱਖਾਂ ਸੁਖਦੀਆਂ ਉਨ੍ਹਾਂ ਦੇ ਗੁੱਟਾਂ ਤੇ ਰੱਖੜੀਆਂ ਸਜਾਉਦੀਆਂ ਹਨ। ਆਰਥਕ ਤੰਗੀ ਨਾਲ ਦੋ-ਚਾਰ ਹੁੰਦਿਆਂ ਭਾਵੇਂ ਇਹ ਤਿਉਹਾਰ ਮਨਾਇਆ ਤਾਂ ਜਾ ਰਿਹਾ ਹੈ ਪਰ ਘਰਾਂ, ਗਲੀਆ, ਮੁਹੱਲਿਆਂ, ਪਿੰਡਾਂ, ਸ਼ਹਿਰਾਂ ਅਤੇ ਸੜਕਾਂ ਤੇ ਪਹਿਲਾਂ ਵਰਗੀਆਂ ਰੌਣਕਾਂ ਵੇਖਣ ਨੂੰ ਨਹੀਂ ਮਿਲ ਰਹੀਆਂ। ਮਜਬੂਰੀ ਜਿਹੀ ਵਿਚ ਮਨਾਇਆ ਜਾ ਇਹ ਤਿਉਹਾਰ ਭਾਵੇਂ ਇਕ ਸਮਾਜਕ ਉਤਸਵ ਹੈ ਪਰ ਲੋਕਾਂ ਦੇ ਚਿਹਰਿਆਂ ਅਤੇ ਬਾਜ਼ਾਰਾਂ ਦੋਵਾਂ ਉੱਪਰ ਬੇਰੌਣਕੀ ਵੇਖੀ ਜਾ ਸਕਦੀ ਹੈ।