ਚੋਰੀ ਕੀਤੇ ਮੋਟਰਸਾਈਕਲ ਵੀ ਕੀਤੇ ਬਰਾਮਦ
ਕਪੂਰਥਲਾ: ਸੀਨੀਅਰ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਵੱਲੋਂ ਚਲਾਈ ਗਈ ਚੋਰੀ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸਬ ਡਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ.ਐਸ.ਪੀ ਡਾ: ਮਨਪ੍ਰੀਤ ਕੌਰ ਸ਼ੀਹਮਾਰ ਨੇ ਦੱਸਿਆ ਕਿ 4 ਨਾਬਾਲਗ ਨੌਜਵਾਨ ਮਿਲ ਕੇ ਇੱਕ ਗਰੋਹ ਚਲਾ ਰਹੇ ਹਨ, ਜੋ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਡੀਐਸਪੀ ਨੇ ਦੱਸਿਆ ਕਿ ਥਾਣਾ ਤਲਵੰਡੀ ਚੌਧਰੀਆਂ ਦੇ ਐਸਆਈ ਯਾਦਵਿੰਦਰ ਸਿੰਘ ਅਤੇ ਏਐਸਆਈ ਸਰਬਜੀਤ ਸਿੰਘ ਨੇ ਰੈਸਟ ਹਾਊਸ ਤਲਵੰਡੀ ਚੌਧਰੀਆਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਜਿੱਥੇ ਸੂਚਨਾ ਮਿਲੀ ਕਿ ਇੱਕ ਲੜਕਾ ਚੋਰੀ ਦੇ ਮੋਟਰਸਾਈਕਲ 'ਤੇ ਆ ਰਿਹਾ ਹੈ ਤਾਂ ਪੁਲਿਸ ਨੇ ਮੌਕੇ 'ਤੇ ਹੀ ਉਕਤ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 1-8-2022 ਅ/ਧ 457,380 ਬੀ.ਡੀ. ਥਾਣਾ ਤਲਵੰਡੀ ਚੌਧਰੀਆਂ ਵਿਖੇ ਦਰਜ ਕਰ ਲਿਆ ਗਿਆ ਹੈ।
ਪੁੱਛਗਿੱਛ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਦਵਿੰਦਰਪਾਲ ਸਿੰਘ ਉਰਫ਼ ਬੁੱਗਾ ਪੁੱਤਰ ਦਰਸ਼ਨ ਸਿੰਘ ਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਅਤੇ ਉਸ ਦੇ ਹੋਰ ਸਾਥੀ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ। ਜਿਸ ਵਿਚ 2 ਨਾਬਾਲਗ ਨੌਜਵਾਨਾਂ ਦੀ ਪਛਾਣ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸਾਰੇ ਦੋਸ਼ੀ ਨਾਬਾਲਗ ਹਨ, ਜਿਨ੍ਹਾਂ ਨੂੰ ਕਪੂਰਥਲਾ ਜੁਵੇਨਾਈਲ ਕੋਰਟ 'ਚ ਪੇਸ਼ ਕੀਤਾ ਗਿਆ ਹੈ। ਮੁਲਜ਼ਮ ਦਵਿੰਦਰਪਾਲ ਸਿੰਘ ਉਰਫ਼ ਬੰਗਾ ਦੇ ਘਰੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਹੈ, ਜਿਸ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਚੋਰੀ ਦੇ ਸਪਲੈਂਡਰ ਮੋਟਰਸਾਈਕਲ ਅਤੇ 5 ਚੋਰੀ ਦੇ ਮੋਬਾਈਲ ਬਰਾਮਦ ਕੀਤੇ ਹਨ।