ਵਿਜੀਲੈਂਸ ਵਲੋਂ ਗ੍ਰਿਫ਼ਤਾਰ ਮੁਨਸ਼ੀ ਹਰਦੀਪ ਸਿੰਘ ਵਲੋਂ ਕੀਤੇ ਖ਼ੁਲਾਸੇ ਮਗਰੋਂ ਕੀਤਾ ਗਿਆ ਨਾਮਜ਼ਦ
ਦੋਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ
ਕਰਾਸ ਪਰਚਾ ਕਰਨ ਬਦਲੇ ਸ਼ਿਕਾਇਤਕਰਤਾ ਤੋਂ 1 ਲੱਖ ਰੁਪਏ ਮੰਗਣ ਦਾ ਇਲਜ਼ਾਮ
ਲੁਧਿਆਣਾ : ਰਿਸ਼ਵਤ ਲੈਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਵਲੋਂ ਥਾਣਾ ਕੂਮ ਕਲਾਂ ਦੇ ਐਸ.ਐਚ.ਓ. ਅਤੇ ਇਕ ਸਹਾਇਕ ਸਬ-ਇੰਸਪੈਕਟਰ ਖ਼ਿਲਾਫ਼ ਵੀ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਜਦਕਿ ਥਾਣਾ ਸਦਰ ਦੇ ਮੁਨਸ਼ੀ ਨੂੰ ਵਿਜੀਲੈਂਸ ਨੇ ਬੀਤੇ ਦਿਨ ਕਾਬੂ ਕੀਤਾ ਸੀ। ਗ੍ਰਿਫ਼ਤਾਰ ਮੁਨਸ਼ੀ ਹਰਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ : ਟਮਾਟਰ ਲੈ ਕੇ ਜਾ ਰਹੇ ਕਿਸਾਨ 'ਤੇ ਬਦਮਾਸ਼ਾਂ ਨੇ ਕੀਤਾ ਹਮਲਾ
ਵਿਜੀਲੈਂਸ ਨੇ ਬੁੱਧਵਾਰ ਨੂੰ ਥਾਣਾ ਕੂਮ ਕਲਾਂ ਵਿਖੇ ਤਾਇਨਾਤ ਮੁਨਸ਼ੀ ਹਰਦੀਪ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਕਾਰਵਾਈ ਪਿੰਡ ਦੁਆਬਾ ਭੈਣੀ ਦੀ ਰਹਿਣ ਵਾਲੀ ਏਕਤਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਸੂਤਰਾਂ ਅਨੁਸਾਰ ਗ੍ਰਿਫ਼ਤਾਰ ਕੀਤੇ ਮੁਨਸ਼ੀ ਹਰਦੀਪ ਸਿੰਘ ਵਲੋਂ ਤਫ਼ਤੀਸ਼ ਦੌਰਾਨ ਕੀਤੇ ਖ਼ੁਲਾਸੇ ਦੇ ਆਧਾਰ ’ਤੇ ਐਸ.ਐਚ.ਓ. ਪਰਮਜੀਤ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਰਣਧੀਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੇਰਲ ਦੇ ਰਹਿਣ ਵਾਲੇ ਜਿਤਿਨ ਵਿਜਯਨ ਨੇ 42,431 ਫੁੱਟ ਦੀ ਉਚਾਈ ਤੋਂ ਮਾਰੀ ਛਾਲ
ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਧਿਕਾਰੀਆਂ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 21 ਜੁਲਾਈ 2023 ਨੂੰ ਸ਼ਿਕਾਇਤਕਰਤਾ ਏਕਤਾ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਅਤੇ ਉਸ ਦੇ ਭਰਾ ਦੀਪਕ ਵਿਰੁਧ ਆਈ.ਪੀਸੀ ਦੀ ਧਾਰਾ 323, 341, 506, 148,149 ਤਹਿਤ ਐਫ.ਆਈ.ਆਰ. ਨੰਬਰ 38 ਦਰਜ ਕੀਤੀ ਗਈ ਸੀ। ਉਸ ਦਾ ਭਰਾ ਦੀਪਕ ਵੀ ਜ਼ਖਮੀ ਹੋਇਆ ਸੀ, ਜਿਸ ਕਾਰਨ ਉਸ (ਦੀਪਕ ) ਨੇ ਵੀ ਅਵਤਾਰ ਸਿੰਘ ਅਤੇ ਹੋਰਾਂ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਾਰਾਵਾਂ 326, 323, 341, 506, 148,149 ਤਹਿਤ ਕਰਾਸ ਐਫ਼.ਆਈ.ਆਰ. ਦਰਜ ਕਰਵਾਈ ਸੀ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਐਸ.ਐਚ.ਓ. ਪਰਮਜੀਤ ਸਿੰਘ ਨੇ 1 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਮੁਨਸ਼ੀ ਹਰਦੀਪ ਸਿੰਘ ਨੇ ਕਰਾਸ ਕੇਸ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ 50 ਹਜ਼ਾਰ ਰੁਪਏ ਵਿਚ ਸੌਦਾ ਤੈਅ ਕੀਤਾ ਸੀ। ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਏ.ਐਸ.ਆਈ. ਰਣਧੀਰ ਸਿੰਘ ਨੇ ਉਸ ਤੋਂ 35,000 ਰੁਪਏ ਦੀ ਰਿਸ਼ਵਤ ਲਈ ਅਤੇ ਹਰਦੀਪ ਨੇ 20,000 ਰੁਪਏ ਵੱਖਰੇ ਤੌਰ 'ਤੇ ਲਏ। ਉਸ ਨੇ ਹਰਦੀਪ ਸਿੰਘ ਨਾਲ ਹੋਈ ਗੱਲਬਾਤ ਦੀ ਕਾਲ ਰਿਕਾਰਡਿੰਗ ਵੀ ਸਬੂਤ ਵਜੋਂ ਪੇਸ਼ ਕੀਤੀ ਸੀ। ਕਾਲ ਰਿਕਾਰਡਿੰਗ ਦੇ ਆਧਾਰ 'ਤੇ ਵਿਜੀਲੈਂਸ ਨੇ ਜਾਂਚ ਕਰ ਕੇ ਇਸ ਮਾਮਲੇ 'ਚ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।