ਵਿਵਾਦਾਂ 'ਚ SGPC, ਸਿੱਖ ਬੁੱਧੀਜੀਵੀਆਂ ਨੇ 2.70 ਕਰੋੜ 'ਚ 70 ਲੱਖ ਦੀ ਕੋਠੀ ਖਰੀਦਣ ਦਾ ਲਗਾਇਆ ਇਲਜ਼ਾਮ
Published : Aug 4, 2023, 2:11 pm IST
Updated : Aug 4, 2023, 2:11 pm IST
SHARE ARTICLE
File Photo
File Photo

ਕੇਂਦਰੀ ਏਜੰਸੀ ਜਾਂਚ ਕਰਵਾਉਣ ਦੀ ਕੀਤੀ ਮੰਗ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਸੌਂਪਿਆ ਪੱਤਰ 

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਇੱਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਈ ਹੈ। ਇਸ ਵਾਰ ਇਸ ਸੰਸਥਾ ਦੇ ਮੈਂਬਰਾਂ ਨੇ ਐਸਜੀਪੀਸੀ ਨੂੰ ਵਿਵਾਦਾਂ ਵਿਚ ਲਿਆਂਦਾ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਸੰਸਥਾ ਵਿਚ ਹੋ ਰਹੇ ਘਪਲਿਆਂ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੋਂ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਵਿਚ ਹੋ ਰਹੇ ਘਪਲਿਆਂ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ।

ਸਿੱਖ ਬੁੱਧੀਜੀਵੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰ ’ਤੇ ਗੰਭੀਰ ਦੋਸ਼ ਲਾਏ ਕਿ ਉਹ ਆਪਣੇ ਨਿੱਜੀ ਮੁਫ਼ਾਦਾਂ ਲਈ ਸੰਸਥਾ ਦੇ ਸਾਧਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਦੀ ਅਗਵਾਈ ਹੇਠ ਸਿੱਖ ਬੁੱਧੀਜੀਵੀਆਂ ਤੇ ਚਿੰਤਕਾਂ ਦੇ ਵਫ਼ਦ ਨੇ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਦੱਸਿਆ ਕਿ ਸੰਗਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਢਾਂਚੇ ਵਿਚ ਆਏ ਨਿਘਾਰ ਤੋਂ ਨਾਰਾਜ਼ ਹੈ।  

ਵਫ਼ਦ ਨੇ ਚੇਅਰਮੈਨ ਲਾਲਪੁਰਾ ਨੂੰ ਸ਼ਿਕਾਇਤ ਪੱਤਰ ਸੌਂਪਦਿਆਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਦੇ ਕੁਝ ਉੱਚ ਅਧਿਕਾਰੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਅਹੁਦੇਦਾਰਾਂ ਦੇ ਪ੍ਰਭਾਵ ਹੇਠ ਵੱਡੇ ਪੱਧਰ ’ਤੇ ਧਾਂਦਲੀਆਂ ਅਤੇ ਘਪਲੇ ਕਰ ਰਹੇ ਹਨ। ਉਹਨਾਂ ਨੇ ਇੱਕ ਅਦਾਲਤੀ ਕੇਸ ਦਾ ਵੀ ਹਵਾਲਾ ਦਿੱਤਾ, ਜਿਸ ਵਿਚ ਉਹਨਾਂ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ 70 ਲੱਖ ਰੁਪਏ ਦੀ ਕੋਠੀ 2.70 ਕਰੋੜ ਰੁਪਏ ਵਿਚ ਖਰੀਦ ਕੇ ਗੁਰੂ ਕੀ ਗੋਲਕ ਨਾਲ ਧੋਖਾ ਕੀਤਾ ਗਿਆ ਸੀ।

ਵਫ਼ਦ ਨੇ ਦੋਸ਼ ਲਾਇਆ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਇੱਕ ਨਾਮਵਰ ਸਕੂਲ ਦੀ ਪ੍ਰਿੰਸੀਪਲ ਅਤੇ ਉਸ ਦੇ ਪਤੀ ਕੋਲੋਂ ਇੱਕ ਕਿਲੋ ਅਫੀਮ  ਮਿਲੀ ਹੈ। ਇਸ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਸੀ। ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਪ੍ਰਿੰਸੀਪਲ ਨੂੰ ਮੁਅੱਤਲ ਜਾਂ ਬਰਖ਼ਾਸਤ ਕਰਨ ਦੀ ਬਜਾਏ ਉਸ ਦਾ ਬਚਾਅ ਕਰ ਰਹੇ ਹਨ। ਡੈਪੂਟੇਸ਼ਨ ਨੇ ਪ੍ਰਿੰਸੀਪਲ ਤੋਂ ਹੁਣ  ਤੱਕ ਦੀ ਬਕਾਇਆ ਤਨਖ਼ਾਹ ਦੀ ਵਸੂਲੀ ਦੀ ਵੀ ਮੰਗ ਕੀਤੀ।     

ਸ਼ਿਕਾਇਤ ਪੱਤਰ ਵਿਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਆਨੰਦਪੁਰ ਸਾਹਿਬ ਵਿਚ ਸ਼੍ਰੋਮਣੀ ਕਮੇਟੀ ਅਧੀਨ ਪੈਂਦੇ ਇੱਕ ਕਾਲਜ ਵਿਚ ਕੰਟੀਨ ਚਲਾ ਰਹੇ ਹਨ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਹੋਰ ਕਈ ਕੰਮ ਕਰ ਰਹੇ ਹਨ। ਜਦਕਿ ਉਸ ਦਾ ਪੁੱਤਰ ਲੁਧਿਆਣਾ ਦੇ ਇੱਕ ਇੰਜੀਨੀਅਰਿੰਗ ਕਾਲਜ ਵਿਚ ਉੱਚ ਅਹੁਦੇ 'ਤੇ ਤਾਇਨਾਤ ਹੈ। ਨਿਯਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਮੈਂਬਰ ਇਸ ਸੰਸਥਾ ਨਾਲ ਕੋਈ ਕਾਰੋਬਾਰ ਨਹੀਂ ਕਰ ਸਕਦਾ।

ਐਕਟ, 1925 ਦੇ ਅਨੁਸਾਰ ਕੋਈ ਮੈਂਬਰ ਆਪਣੇ ਖੂਨ ਦੇ ਰਿਸ਼ਤੇ ਵਿਚ ਕਿਸੇ ਨੂੰ ਵੀ ਐਸਜੀਪੀਸੀ ਵਿਚ ਨੌਕਰੀ ਨਹੀਂ ਦੇ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਤਖ਼ਤ ਸਾਹਿਬ ਵਿਚ ਦੋ ਕਮਰੇ (ਕਮਰਾ ਨੰ: 3 ਅਤੇ 4) ਸ਼੍ਰੋਮਣੀ ਕਮੇਟੀ ਮੈਂਬਰ ਵੱਲੋਂ ਨਿੱਜੀ ਵਰਤੋਂ ਲਈ ਪੱਕੇ ਤੌਰ ’ਤੇ ਰੱਖੇ ਗਏ ਹਨ। ਇਨ੍ਹਾਂ ਦਾ ਕਿਰਾਇਆ 24 ਘੰਟੇ ਲਈ 1000 ਰੁਪਏ ਹੈ। ਵਫ਼ਦ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ 2011 ਤੋਂ ਹੁਣ ਤੱਕ ਕੁੱਲ 43 ਲੱਖ 20 ਹਜ਼ਾਰ ਰੁਪਏ ਦੀ ਵਸੂਲੀ ਕੀਤੀ ਜਾਵੇ। 

ਇਸ ਪੱਤਰ ਰਾਹੀਂ ਸਿੱਖ ਆਗੂਆਂ ਨੇ ਹੋਰ ਵੀ ਕਈ ਮੁੱਦੇ ਉਠਾਏ ਹਨ ਅਤੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਤੋਂ ਮੰਗ ਕੀਤੀ ਕਿ ਇਸ ਦੀ ਕੇਂਦਰੀ ਏਜੰਸੀਆਂ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਸਿਫਾਰਿਸ਼ ਕੀਤੀ ਜਾਵੇ, ਤਾਂ ਜੋ ਸੱਚਾਈ ਦਾ ਪਤਾ ਲੱਗ ਸਕੇ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾ ਸਕੇ। ਲਾਲਪੁਰਾ ਨੇ ਮੁੱਦਿਆਂ 'ਤੇ ਕਾਰਵਾਈ ਦਾ ਭਰੋਸਾ ਦਿੱਤਾ।  

ਵਫ਼ਦ ਵਿਚ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਚਾਹੜ ਮਾਜਰਾ, ਭੁਪਿੰਦਰ ਸਿੰਘ ਬਜਰੂੜ ਰੋਪੜ, ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਅਤੇ ਅਮਰੀਕ ਸਿੰਘ ਕਿਲਾ ਹਕੀਮਾ ਤੋਂ ਇਲਾਵਾ ਸੁੱਚਾ ਸਿੰਘ ਬਾਸੀ, ਕਰਮ ਸਿੰਘ ਮਾਣਕ ਮਾਜਰਾ, ਕਪਿਲ ਦੇਵ ਬਾਵਾ, ਲਖਵੀਰ ਸਿੰਘ ਲੱਕੀ ਅਤੇ ਕੁਲਵੰਤ ਸਿੰਘ ਕਲਕੱਤਾ ਵੀ ਸ਼ਾਮਲ ਸਨ।

ਇਸ ਸਬੰਧੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਸਿੱਧਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕੋਲ ਸ਼੍ਰੋਮਣੀ ਕਮੇਟੀ ਤੋਂ ਜਾਂਚ ਕਰਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਕਿ ਉਨ੍ਹਾਂ ਨੇ ਕਿਹੜੀ ਸ਼ਿਕਾਇਤ ਅਤੇ ਕਿਸ ਦੀ ਸ਼ਿਕਾਇਤ ਕੀਤੀ ਹੈ। ਜਦੋਂ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਵੇਗਾ ਤਾਂ ਉਹ ਇਸ 'ਤੇ ਜਵਾਬ ਦੇਣਗੇ। ਉਹ ਮੀਡੀਆ ਤੋਂ ਭੱਜ ਨਹੀਂ ਰਹੇ। 

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement