ਸਾਡੇ ਦਰਮਿਆਨ ਨਹੀਂ ਰਹੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ,83 ਸਾਲ ਦੀ ਉਮਰ ’ਚ ਲਏ ਆਖਰੀ ਸਾਹ
Published : Aug 4, 2024, 5:26 pm IST
Updated : Aug 5, 2024, 8:08 am IST
SHARE ARTICLE
Founder Editor of Rozana Spokesman Joginder Singh dies
Founder Editor of Rozana Spokesman Joginder Singh dies

ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਸ. ਜੋਗਿੰਦਰ ਸਿੰਘ ਜੀ

 Joginder Singh Spokesman : ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸ. ਜੋਗਿੰਦਰ ਸਿੰਘ ਜੀ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਨੇ ਸੰਖੇਪ ਬਿਮਾਰੀ ਮਗਰੋਂ ਅੱਜ 83 ਸਾਲ ਦੀ ਉਮਰ ’ਚ ਆਪਣੇ ਆਖਰੀ ਸਾਹ ਲਏ। ਪੇਸ਼ੇ ਤੋਂ ਇੱਕ ਵਕੀਲ, ਜੋਗਿੰਦਰ ਸਿੰਘ ਨੇ ਇਕ ਸੁਤੰਤਰ ਮੀਡੀਆ ਆਉਟਲੈਟ ਲੱਭਣ ਅਤੇ ਸਥਾਪਤ ਕਰਨ ਲਈ ਇਕ ਸ਼ਾਨਦਾਰ ਕੈਰੀਅਰ ਛੱਡ ਦਿਤਾ ਸੀ।  ਪੰਥ ਲਈ ਕੁੱਝ ਕਰ ਗੁਜ਼ਰਨ ਦੀ ਲਲਕ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ 1 ਜਨਵਰੀ 1994 ਵਿਚ ਸ਼ੁਰੂ ਹੋਏ ‘ਸਪੋਕਸਮੈਨ’ ਦੇ ਮਾਸਕ ਰਸਾਲੇ ਨੂੰ 1 ਦਸੰਬਰ 2005 ਵਾਲੇ ਦਿਨ ਰੋਜ਼ਾਨਾ ਸਪੋਕਸਮੈਨ ਨਾਂ ਦੇ ਰੋਜ਼ਾਨਾ ਅਖ਼ਬਾਰ ’ਚ ਬਦਲ ਦਿਤਾ, ਜਿਸ ਨੇ ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਦਿਤੀ।

ਉਨ੍ਹਾਂ ਦੀ ਕਰੜੇ ਲਿਖਣ ਸ਼ੈਲੀ ਨੇ ਰਾਜ ਮਸ਼ੀਨਰੀ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਕੁਸ਼ਾਸਨ, ਭ੍ਰਿਸ਼ਟਾਚਾਰ, ਅਤੇ ਵਿਅਕਤੀਗਤ ਨੌਕਰਸ਼ਾਹੀ ’ਤੇ ਰੌਸ਼ਨੀ ਪਾਈ ਗਈ। ਉਨ੍ਹਾਂ ਨੂੰ ਜ਼ਿੱਦੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਦੇ ਲੋਕ-ਪੱਖੀ ਰੁਖ ਨੇ ਨਾਗਰਿਕਾਂ ਅਤੇ ਰਾਜ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ। ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਵਿਅਰਥ ਗਈਆਂ ਅਤੇ ਰੋਜ਼ਾਨਾ ਸਪੋਕਸਮੈਨ ਨੇ ਇੱਕ ਪ੍ਰਮੁੱਖ ਅਤੇ ਸੁਤੰਤਰ ਪ੍ਰਿੰਟ ਅਤੇ ਡਿਜੀਟਲ ਮੀਡੀਆ ਪੱਤਰਕਾਰੀ ਉੱਦਮ ਵਿੱਚ ਬਦਲਣ ਲਈ ਉਨ੍ਹਾਂ ਦੀ ਅਗਵਾਈ ਵਿੱਚ ਤੇਜ਼ੀ ਨਾਲ ਲੋਕਾਂ ’ਚ ਮਕਬੂਲੀਅਤ ਪ੍ਰਾਪਤ ਕੀਤੀ। ਜੋਗਿੰਦਰ ਸਿੰਘ ਦੀ ਵਿਚਾਰਧਾਰਾ ਅਤੇ ਲਿਖਣ ਦੀ ਸ਼ੈਲੀ ਸੰਗਠਨ ਦੇ ਪੱਤਰਕਾਰੀ ਆਦਰਸ਼ਾਂ, ਅਤੇ ਲੋਕਾਂ ਦੀ ਨੁਮਾਇੰਦਗੀ ਕਰਨ, ਸਰਕਾਰੀ ਅਤੇ ਨੌਕਰਸ਼ਾਹੀ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣ, ਅਤੇ ਸਾਰੇ ਪਾਠਕਾਂ ਨੂੰ ਨਿਰਪੱਖ ਅਤੇ ਸੱਚੀ ਜਾਣਕਾਰੀ ਦੀ ਰੀਪੋਰਟ ਕਰਨ ਵਿਚ ਇਸ ਦੇ ਵਿਸ਼ਵਾਸਾਂ ਨੂੰ ਨਿਰਧਾਰਤ ਕਰਦੀ ਸੀ।

 ਉਨ੍ਹਾਂ ਦਾ ਜਨਮ 20 ਫਰਵਰੀ 1941 ਨੂੰ ਕਸਬਾ ਚੇਲੀਆਂਵਾਲਾ (ਪਾਕਿਸਤਾਨ) ਵਿਖੇ ਡਾ. ਇੰਦਰਜੀਤ ਸਿੰਘ ਤੇ ਮਾਤਾ ਸੁੰਦਰ ਕੌਰ ਦੇ ਘਰ ਜਨਮ ਲਿਆ। ਉਨ੍ਹਾਂ ਨੇ ਮੈਟਰਿਕ ਤੇ ਬੀ.ਏ. ਮੁਕੰਦ ਲਾਲ ਨੈਸ਼ਨਲ ਹਾਈ ਸਕੂਲ/ਕਾਲਜ, ਜਮਨਾ ਨਗਰ ਤੋਂ ਤੇ ਕਾਨੂੰਨ ਦੀ ਪੜ੍ਹਾਈ (ਐਲ.ਐਲ.ਬੀ.) ਚੰਡੀਗੜ੍ਹ ਤੋਂ ਕੀਤੀ। ਸਕੂਲ ਵਿਚ ਪੰਜਾਬੀ ਪੜ੍ਹਾਉਣ ਲਈ ਕੋਈ ਟੀਚਰ ਨਹੀਂ ਸੀ ਰਖਿਆ ਹੋਇਆ, ਫਿਰ ਵੀ ਮੈਟਰਿਕ ਦੇ ਪੰਜਾਬੀ ਪੇਪਰ ਵਿਚੋਂ 150 ’ਚੋਂ 142 ਨੰਬਰ ਲੈ ਕੇ ਸਾਰੇ ਵੱਡੇ ਪੰਜਾਬ ’ਚੋਂ ਦੂਜਾ ਸਥਾਨ ਪ੍ਰਾਪਤ ਕਰ ਕੇ ਵਜ਼ੀਫ਼ਾ ਪ੍ਰਾਪਤ ਕੀਤਾ ਤੇ ਸਕੂਲ ਦਾ ਮਾਣ ਵਧਾਇਆ।

 
ਉਨ੍ਹਾਂ ਅੰਦਰ ਲਿਖਣ ਦੀ ਕੁਦਰਤੀ ਲਗਨ ਸੀ, ਜਿਸ ਸਦਕਾ ਉਨ੍ਹਾਂ ਨੇ ਕਾਲਜ ’ਚ ਪੜ੍ਹਦਿਆਂ ਹੀ ਗੰਭੀਰ ਵਿਸ਼ਿਆਂ ਬਾਰੇ ਲਿਖਣਾ ਸ਼ੁਰੂ ਕਰ ਦਿਤਾ ਸੀ ਅਤੇ ਉਨ੍ਹਾਂ ਦੇ ਲੇਖਕਾਂ ਦੀ ਚਰਚਾ ਕਰਦਿਆਂ ਉਨ੍ਹਾਂ ਨੂੰ ‘ਪੰਥ ਦੇ ਮਹਾਨ ਵਿਵਦਾਨ ਸ. ਜੋਗਿੰਦਰ ਸਿੰਘ...’ ਲਿਖਿਆ ਹੁੰਦਾ। ਅਕਾਲੀ ਲੀਡਰ ਮਾਸਟਰ ਤਾਰਾ ਸਿੰਘ ਜੀ ਵੀ ਉਨ੍ਹਾਂ ਦੇ ਲੇਖਕਾਂ ਦੇ ਵੱਡੇ ਪ੍ਰਸ਼ੰਸਕ ਸਨ ਅਤੇ ਚਾਹੁੰਦੇ ਸਨ ਕਿ ਉਨ੍ਹਾਂ ‘ਜਥੇਦਾਰ’ ਅਖ਼ਬਾਰ ਦੇ ਸੰਪਾਦਕ ਗਿ. ਭਜਨ ਸਿੰਘ ਨੂੰ ਖ਼ੁਦ ਚਿੱਠੀ ਲਿਖ ਕੇ ਕਿਹਾ ਸੀ ਸ. ਜੋਗਿੰਦਰ ਸਿੰਘ ਪੰਥਕ ਮਸਲਿਆਂ ਬਾਰੇ ਹਰ ਹਫ਼ਤੇ ਲਿਖਣ। ਖ਼ੁਦ ਸ. ਜੋਗਿੰਦਰ ਸਿੰਘ ਮਾਸਟਰ ਤਾਰਾ ਸਿੰਘ ਦੇ ਵੱਡੇ ਪ੍ਰਸ਼ੰਸਕ ਸਨ ਅਤੇ ਸਿੱਖ ਪੰਥ ਤੇ ਪੰਜਾਬ ਲਈ ਉਨ੍ਹਾਂ ਵਲੋਂ ਦਿਤੇ ਯੋਗਦਾਨ ਬਾਰੇ ਅਕਸਰ ਲਿਖਦੇ ਅਤੇ ਬੋਲਦੇ ਰਹਿੰਦੇ ਸਨ। ਇਹੀ ਨਹੀਂ ਉਨ੍ਹਾਂ ਨੇ ਜਦੋਂ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਸ਼ੁਰੂ ਕੀਤਾ ਤਾਂ ਉਸ ’ਚ ਕਈ ਆਮ ਲੋਕਾਂ ਨੂੰ ਲਿਖਣ ਲਈ ਉਤਸ਼ਾਹਿਤ ਕੀਤਾ ਅਤੇ ਕਈ ਲੇਖਕਾਂ ਨੂੰ ਪਹਿਲੀ ਵਾਰੀ ਮੌਕਾ ਦਿਤਾ।

 
ਪਿਤਾ ਨਾਲ ਉਨ੍ਹਾਂ ਦੀ ਇੰਡਸਟਰੀ ਵਿਚ ਕੰਮ ਕਰ ਕੇ ਨਾਂ ਕਮਾਇਆ ਪਰ ਵਪਾਰ ਵਿਚ ਦਿਲ ਨਾ ਲੱਗਾ, ਇਸ ਲਈ ਖ਼ਾਲੀ ਹੱਥ ਚੰਡੀਗੜ੍ਹ ਆ ਗਏ ਤੇ ਹਾਈ ਕੋਰਟ ਵਿਚ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿਤੀ। ਚੰਗੀ ਪ੍ਰਸਿੱਧੀ ਪ੍ਰਾਪਤ ਕਰ ਲਈ ਪਰ ਦਿਲ ਪੰਜਾਬੀ ਵਾਸਤੇ ਕੁੱਝ ਕਰਨ ਨੂੰ ਕਰਦਾ ਸੀ। ਪਤਨੀ ਜਗਜੀਤ ਕੌਰ ਨੂੰ ਵਿਆਹ ਵਿਚ ਮਿਲੇ ਸਗਣਾਂ ਦੇ ਗਹਿਣੇ ਵੇਚ ਕੇ ਪੰਜਾਬੀ ਦਾ ਪਹਿਲਾ ਆਫ਼ਸੈੱਟ ’ਤੇ ਛਪਦਾ, ਰੰਗੀਨ ਤਸਵੀਰਾਂ ਵਾਲਾ ਰਸਾਲਾ ‘ਯੰਗ ਸਿੱਖ’ ਸ਼ੁਰੂ ਕਰ ਦਿਤਾ।  ਬੰਬਈ ਤੋਂ ਛਪਦੇ ਹਿੰਦੁਸਤਾਨ ਦੇ ਸੱਭ ਤੋਂ ਵੱਡੇ ਪਰਚੇ ‘ਇਲਸਟਰੇਟਿਡ ਵੀਕਲੀ ਆਫ਼ ਇੰਡੀਆ’ ਨੇ ਸਾਰੇ ਪੰਜਾਬੀ ਪਰਚਿਆਂ ਬਾਰੇ ਸਰਵੇਖਣ ਕੀਤਾ ਤੇ ਨਿਰਣਾ ਦਿਤਾ, ‘‘ਚੰਡੀਗੜ੍ਹ ਤੋਂ ਇਕ ਨੌਜੁਆਨ ਜੋੜੀ ਵਲੋਂ ਪ੍ਰਕਾਸ਼ਤ ਕੀਤਾ ਜਾਂਦਾ ‘ਯੰਗ ਸਿੱਖ’, ਸਾਰੇ ਪੰਜਾਬੀ ਪਰਚਿਆਂ ’ਚੋਂ ਸਰਬੋਤਮ ਹੈ।’’ ਕੁੱਝ ਤਕਨੀਕੀ ਕਾਰਨਾਂ ਕਰ ਕੇ ਯੰਗ ਸਿੱਖ ਦਾ ਨਾਂ ‘ਪੰਜ ਪਾਣੀ’ ਕਰ ਦਿਤਾ ਗਿਆ ਜਿਸ ਦੀ ਵਿਕਰੀ ਤਾਂ ਰੀਕਾਰਡ-ਤੋੜ ਹੋ ਗਈ ਪਰ ਇਸ਼ਤਿਹਾਰ ਲੈਣ ਦੀ ਜਾਚ ਨਾ ਆਉਂਦੀ ਹੋਣ ਕਰ ਕੇ, ਘਾਟਾ ਪਾ ਕੇ ਅਖ਼ੀਰ 1982 ਵਿਚ ਇਸ ਨੂੰ ਬੰਦ ਕਰਨਾ ਪਿਆ।


ਤਜਰਬੇ ਤੋਂ ਸਿਖ ਕੇ, 1986 ਵਿਚ ਜਗਜੀਤ ਪਬਲਿਸ਼ਿੰਗ ਕੰਪਨੀ ਲਿਮਿਟਿਡ ਦੀ ਨੀਂਹ ਰੱਖੀ ਗਈ ਤੇ ਕਰਜ਼ਾ ਚੁਕ ਕੇ 2 ਕਰੋੜ ਦੀ ਅਪਣੀ ਪ੍ਰੈੱਸ ਲਗਾ ਲਈ ਜੋ ਬਾਜ਼ਾਰ ਦਾ ਕੰਮ ਕਰ ਕੇ ਚੰਗੀ ਕਮਾਈ ਕਰਨ ਲੱਗ ਪਈ।


1993 ਵਿਚ ਦਿੱਲੀ ਤੋਂ ਛਪਦਾ ਅੰਗਰੇਜ਼ੀ ਸਪਤਾਹਕ ‘ਸਪੋਕਸਮੈਨ’ ਇਸ ਕੰਪਨੀ ਨੇ ਲੈ ਲਿਆ ਤੇ 1994 ਤੋਂ ਅੰਗਰੇਜ਼ੀ ਤੇ ਪੰਜਾਬੀ ਦੇ ਦੋ ਰਸਾਲੇ (ਪੰਜਾਬੀ ਸਪੋਕਸਮੈਨ ਤੇ ਅੰਗਰੇਜ਼ੀ ਸਪੋਕਸਮੈਨ) ਸ਼ੁਰੂ ਕਰ ਕੇ ਸੰਸਾਰ-ਪੱਧਰ ਤੇ ਧੁੰਮਾਂ ਪਾ ਦਿਤੀਆਂ। ਇਹ ਪਹਿਲੀ ਵਾਰ ਹੋਇਆ ਸੀ ਕਿ ਇਕ ਹੀ ਸੰਪਾਦਕ ਪੰਜਾਬੀ ਤੇ ਅੰਗਰੇਜ਼ੀ ਦੇ ਦੋ ਬਿਹਤਰੀਨ ਰਸਾਲੇ ਇਕੱਲਿਆਂ ਹੀ ਤਿਆਰ ਕਰਦਾ ਤੇ ਪ੍ਰਕਾਸ਼ਤ ਕਰਦਾ। ਜਗਜੀਤ ਪਬਲਿਸ਼ਿੰਗ ਕੰਪਨੀ ਦਾ ਸਾਰਾ ਮੁਨਾਫ਼ਾ ਰਸਾਲਿਆਂ ਨੂੰ ਦੇ ਦਿਤਾ ਜਾਂਦਾ ਤੇ ਇਸ਼ਤਿਹਾਰ ਮੰਗਣ ਤੋਂ ਛੁਟਕਾਰਾ ਪਾ ਲਿਆ ਗਿਆ।


ਇਹ ਪਹਿਲੇ ਦੋ ਰਸਾਲੇ ਸਨ ਜਿਨ੍ਹਾਂ ਨੇ ਐਲਾਨ ਕਰ ਦਿਤੇ ਕਿ ਇਹ ਸਰਕਾਰੀ ਇਸ਼ਤਿਹਾਰ ਬਿਲਕੁਲ ਨਹੀਂ ਲੈਣਗੇ ਤੇ ਨਾ ਹੀ ਅਖ਼ਬਾਰ ਵਿਚ ਤਬਦੀਲ ਹੋਣ ਤਕ (11 ਸਾਲ) ਲਏ ਹੀ। ਇਨ੍ਹਾਂ ਪਰਚਿਆਂ ਦੀਆਂ ਯਾਦਗਾਰੀ ਪ੍ਰਾਪਤੀਆਂ ਵਿਚ 110 ‘ਧਰਮੀ ਫ਼ੌਜੀਆਂ’ ਨੂੰ 10-10 ਹਜ਼ਾਰ ਦੇ ਚੈੱਕ ਦੇਣ, ਰਾਜੀਵ ਗਾਂਧੀ ਉਤੇ ਰਾਜਘਾਟ ਵਿਖੇ ਕਰਮਜੀਤ ਸਿੰਘ ਵਲੋਂ ਗੋਲੀਆਂ ਚਲਾਉਣ ਤੇ ਕੇਵਲ ਇਕ ਗੇਂਦ ਫੜ ਕੇ ਹਵਾਈ ਜਹਾਜ਼ ਹਾਜੈਕ ਕਰਨ ਦੇ ਸੱਚੇ ਤੇ ਅਨੋਖੇ ਬਿਰਤਾਂਤ ਪ੍ਰਕਾਸ਼ਤ ਕਰਨੇ ਸ਼ਾਮਲ ਸਨ। ਪਾਠਕਾਂ ਤੇ ਹੋਰਨਾਂ ਵਲੋਂ ਮੰਗ ਸ਼ੁਰੂ ਹੋ ਗਈ ਕਿ ਹੁਣ ਇਸ ਨੂੰ ਰੋਜ਼ਾਨਾ ਅਖ਼ਬਾਰ ਬਣਾ ਦਿਤਾ ਜਾਏ। ਅਖ਼ਬਾਰ ਸ਼ੁਰੂ ਕਰਨ ਦਾ ਟੀਚਾ 2005 ਦਾ ਵਰ੍ਹਾ ਮਿਥਿਆ ਗਿਆ। 

ਕੈਨੇਡਾ ਰਹਿੰਦੇ ਲੇਖਕ ਸ: ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਨੂੰ ਨਿਜੀ ਕਿੜਾਂ ਕੱਢਣ ਲਈ, ਜੋਗਿੰਦਰ ਸਿੰਘ ਵੇਦਾਂਤੀ ‘ਜਥੇਦਾਰ’ ਅਕਾਲ ਤਖ਼ਤ ਨੇ ਪੰਥ ’ਚੋਂ ਛੇਕ ਦਿਤਾ। ਸ: ਜੋਗਿੰਦਰ ਸਿੰਘ ਨੇ ਵਿਦਵਾਨਾਂ ਨੂੰ ਨਾਲ ਲੈ ਕੇ ਇਸ ਦਾ ਸਖ਼ਤ ਵਿਰੋਧ ਕੀਤਾ ਤੇ ਨਵੰਬਰ, 2003 ਵਿਚ ਵਰਲਡ ਸਿੱਖ ਕਨਵੈਨਸ਼ਨ ਬੁਲਾ ਲਈ ਜਿਸ ਵਿਚ ਸਾਰੀ ਦੁਨੀਆਂ ਤੋਂ ਆਏ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਅਕਾਲ ਤਖ਼ਤ ਤੋਂ ਵਿਦਵਾਨਾਂ ਨੂੰ ਛੇਕਣ ਆਦਿ ਦਾ ਜਿਹੜਾ ਸਿਲਸਿਲਾ ਲਾਗੂ ਕੀਤਾ ਜਾ ਰਿਹਾ ਹੈ, ਇਹ ਸਿੱਖ ਧਰਮ ਦੇ ਮੁਢਲੇ ਅਸੂਲਾਂ ਦੇ ਉਲਟ ਹੈ, ਇਸ ਲਈ ਕਿਸੇ ਵੀ ਸਿੱਖ ਨੂੰ ਪੁਜਾਰੀਆਂ ਅੱਗੇ ਪੇਸ਼ ਨਹੀਂ ਹੋਣਾ ਚਾਹੀਦਾ।


ਗੁੱਸਾ ਖਾ ਕੇ ਪੁਜਾਰੀਆਂ ਨੇ ਸ: ਜੋਗਿੰਦਰ ਸਿੰਘ ਨੂੰ ਵੀ ਛੇਕ ਦਿਤਾ ਤੇ ਕਈ ਝੂਠੇ ਇਲਜ਼ਾਮ, ਗੁਰਦਵਾਰਾ ਸਟੇਜਾਂ ਤੋਂ ਵੀ ਦੁਹਰਾਏ। ਸ: ਜੋਗਿੰਦਰ ਸਿੰਘ ਦਾ ਕਹਿਣਾ ਸੀ, ‘‘ਕੋਈ ਵੀ ਕੀਮਤ ਦੇਣੀ ਪਈ, ਦੇਵਾਂਗਾ ਪਰ ਪੁਜਾਰੀਵਾਦ ਅੱਗੇ ਸਿਰ ਨਹੀਂ ਝੁਕਾਵਾਂਗਾ ਕਿਉਂਕਿ ਅਜਿਹਾ ਕਰਨ ਦਾ ਮਤਲਬ ਹੋਵੇਗਾ ਬਾਬੇ ਨਾਨਕ ਦੀ ਸਿੱਖੀ ਨੂੰ ਬੇਦਾਵਾ ਦੇ ਦੇਣਾ ਤੇ ਸਿੱਖ ਧਰਮ ਨੂੰ ਅੱਜ ਦੇ ਯੁਗ ਦਾ ਨਹੀਂ, ਬੀਤੇ ਪਛੜੇ ਯੁਗ ਦਾ ਫ਼ਲਸਫ਼ਾ ਮੰਨਣਾ। ਮੈਂ ਇਹ ਪਾਪ ਨਹੀਂ ਕਰਾਂਗਾ।’’


ਪਹਿਲਾਂ ਕੀਤੇ ਐਲਾਨ ਅਨੁਸਾਰ, ਪਹਿਲੀ ਦਸੰਬਰ, 2005 ਨੂੰ ‘ਰੋਜ਼ਾਨਾ ਸਪੋਕਸਮੈਨ’ ਬਾਜ਼ਾਰ ਵਿਚ ਆ ਗਿਆ। ਵਿਰੋਧੀਆਂ ਨੂੰ ਭਾਜੜਾਂ ਪੈ ਗਈਆਂ। ਉਸੇ ਸ਼ਾਮ ਅਕਾਲ ਤਖ਼ਤ ਦਾ ਨਾਂ ਵਰਤ ਕੇ ਸ਼੍ਰੋਮਣੀ ਕਮੇਟੀ ਨੇ ‘ਹੁਕਮਨਾਮਾ’ ਜਾਰੀ ਕਰ ਦਿਤਾ ਕਿ ਕੋਈ ਸਿੱਖ ਇਸ ਅਖ਼ਬਾਰ ਨੂੰ ਨਾ ਪੜ੍ਹੇ, ਇਸ ਵਿਚ ਨੌਕਰੀ ਨਾ ਕਰੇ, ਇਸ ਵਿਚ ਇਸ਼ਤਿਹਾਰ ਨਾ ਦੇਵੇ ਤੇ ਨਾ ਕੋਈ ਹੋਰ ਸਹਿਯੋਗ ਹੀ ਦੇਵੇ। ਤੇਜਾ ਸਿੰਘ ਸਮੁੰਦਰੀ ਹਾਲ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦਿਤੀਆਂ ਗਈਆਂ। ਇਹ ਵੀ ਐਲਾਨ ਕੀਤੇ ਗਏ ਕਿ ਛੇ ਮਹੀਨੇ ਵਿਚ ਅਖ਼ਬਾਰ ਬੰਦ ਕਰਵਾ ਦਿਆਂਗੇ। ਬਾਦਲ ਸਰਕਾਰ ਨੇ ਰੋਜ਼ਾਨਾ ਸਪੋਕਸਮੈਨ ਨੂੰ 100% ਸਰਕਾਰੀ ਇਸ਼ਤਿਹਾਰ ਬੰਦ ਕਰ ਦਿਤੇ ਤਾਕਿ ਇਸ਼ਤਿਹਾਰਾਂ ਬਿਨਾਂ ਪਰਚਾ ਦੰਮ ਤੋੜ ਜਾਵੇ ਜਾਂ ਮੁੱਖ ਸੰਪਾਦਕ ਆਪ ਆ ਕੇ ਪੈਰਾਂ ’ਤੇ ਡਿਗ ਪਵੇ ਤੇ ਮਾਫ਼ੀ ਮੰਗ ਲਵੇ। ਸ: ਜੋਗਿੰਦਰ ਸਿੰਘ ਨੇ ਐਲਾਨ ਕੀਤਾ, ‘‘ਅਖ਼ਬਾਰ ਬੰਦ ਕਰਵਾਉਣਾ ਮਨਜ਼ੂਰ ਪਰ ਨਾ ਹਾਕਮ ਦੀ ਈਨ ਮੰਨਾਂਗਾ, ਨਾ ਪੱਤਰਕਾਰਤਾ ਨੂੰ ਪੁਜਾਰੀਵਾਦ ਅੱਗੇ ਜਵਾਬਦੇਹ ਬਣਾਵਾਂਗਾ।’’

ਬੀਬੀ ਜਗਜੀਤ ਕੌਰ ਵੀ ਸ. ਜੋਗਿੰਦਰ ਸਿੰਘ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਲਈ ਕੰਮ ਕਰਦੇ ਰਹੇ। ਅਸਲ ’ਚ ਸ. ਜੋਗਿੰਦਰ ਸਿੰਘ ਦਾ ਕਹਿਣਾ ਸੀ ਕਿ ‘ਰੋਜ਼ਾਨਾ ਸਪੋਕਸਮੈਨ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਅਸਲ ਹੀਰੋ ਇਕ ਬੀਬੀ ਹੈ, ਮੈਂ ਨਹੀਂ!’ ਉਹ ਅਪਣੇ ਸੁਪਤਨੀ ਜਗਜੀਤ ਕੌਰ ਬਾਰੇ ਹੀ ਗੱਲ ਕਰ ਰਹੇ ਸਨ। 

ਸਰਕਾਰੀ ਇਸ਼ਤਿਹਾਰਾਂ ਉਤੇ ਮੁਕੰਮਲ ਪਾਬੰਦੀ ਲੱਗ ਜਾਣ ਮਗਰੋਂ ਦਮਗਜੇ ਮਾਰਨੇ ਤੇਜ਼ ਹੁੰਦੇ ਗਏ ਕਿ ਹੁਣ ਅਖ਼ਬਾਰ ਬੰਦ ਹੋਇਆ ਕਿ ਹੋਇਆ। ਪੂਰੇ 10 ਸਾਲ ਵਿਚ 150 ਕਰੋੜ ਦੇ ਇਸ਼ਤਿਹਾਰ ਰੋਕੇ ਗਏ। ਅਖ਼ਬਾਰ ਦੀ ਆਰਥਕ ਹਾਲਤ ਉਤੇ ਮਾੜਾ ਅਸਰ ਜ਼ਰੂਰ ਪਿਆ ਪਰ ਲੋਕ-ਪ੍ਰਿਯਤਾ ਦਿਨ ਬਦਿਨ ਵਧਦੀ ਗਈ।


ਇਸ ਤੋਂ ਬਾਅਦ ਸ: ਜੋਗਿੰਦਰ ਸਿੰਘ ਨੂੰ ਅਕਾਲ ਤਖ਼ਤ ਦੇ ਜਥੇਦਾਰ ਗਿ: ਗੁਰਬਚਨ ਸਿੰਘ ਦਾ ਫ਼ੋਨ ਵੀ ਆ ਗਿਆ ਕਿ ‘‘ਮੈਂ ਬਤੌਰ ਜਥੇਦਾਰ ਅਕਾਲ ਤਖ਼ਤ ਤੁਹਾਨੂੰ ਕਹਿ ਰਿਹਾ ਹਾਂ ਕਿ ਤੁਹਾਡੇ ਵਿਰੁਧ ਹੁਕਮਨਾਮਾ ਗ਼ਲਤ ਸੀ, ਤੁਸੀ ਕੋਈ ਭੁੱਲ ਨਹੀਂ ਸੀ ਕੀਤੀ, ਭੁੱਲ ਗਿ: ਜੋਗਿੰਦਰ ਸਿੰਘ ਵੇਦਾਂਤੀ ਦੀ ਸੀ ਜਿਸ ਨੇ ਕਾਲਾ ਅਫ਼ਗ਼ਾਨਾ ਦੀ ਤੁਹਾਡੇ ਵਲੋਂ ਕੀਤੀ ਹਮਾਇਤ ਤੋਂ ਚਿੜ ਕੇ ਗ਼ਲਤ ਹੁਕਮਨਾਮਾ ਜਾਰੀ ਕੀਤਾ ਸੀ... ਤੁਸੀ ਬਸ ਆ ਜਾਉ ਤਾਕਿ ਅਰਦਾਸ ਕਰ ਕੇ ਮਾਮਲਾ ਸਮਾਪਤ ਕਰ ਦਈਏ।’’

ਸ: ਜੋਗਿੰਦਰ ਸਿੰਘ ਦਾ ਜਵਾਬ ਸੀ, ‘‘ਤੁਹਾਡੇ ਅਨੁਸਾਰ ਜਿਸ ਨੇ ਭੁੱਲ ਕੀਤੀ ਸੀ, ਉਸ ਨੂੰ ਪਹਿਲਾਂ ਅਕਾਲ ਤਖ਼ਤ ’ਤੇ ਸੱਦੋ ਤੇ ਆਖੋ ਭੁੱਲ ਬਖ਼ਸ਼ਵਾਵੇ। ਉਸ ਤੋਂ ਬਾਅਦ ਹੋਰ ਕਿਸੇ ਦੇ ਆਉਣ ਦੀ ਲੋੜ ਹੀ ਨਹੀਂ ਰਹੇਗੀ।’’

ਪੰਜਾਬੀ ਪੱਤਰਕਾਰੀ ਵਿਚ ਸ: ਜੋਗਿੰਦਰ ਸਿੰਘ ਪਹਿਲੇ ਸੰਪਾਦਕ ਸਨ ਜਿਸ ਨੂੰ ਝੁਕਾਉਣ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਦਰਜਨ ਦੇ ਕਰੀਬ ਕੇਸ ਪਾ ਦਿਤੇ ਗਏ ਤਾਕਿ ਥੱਕ ਟੁਟ ਕੇ ਹਾਰ ਮੰਨ ਲਵੇ। ਇਨ੍ਹਾਂ ਕੇਸਾਂ ਦੀ ਪੈਰਵੀ ਉਤੇ ਹੁਣ ਤਕ ਦੋ ਕਰੋੜ ਰੁਪਏ ਖ਼ਰਚੇ ਜਾ ਚੁੱਕੇ ਹਨ ਤੇ ਇਸੇ ਸਮੇਂ ਦੌਰਾਨ ਹੀ ਸ: ਜੋਗਿੰਦਰ ਸਿੰਘ ਨੂੰ ਦਿਲ ਦੀ ਬਾਈਪਾਸ ਸਰਜਰੀ ਵੀ ਕਰਵਾਉਣੀ ਪਈ।

ਪੰਜਾਬੀ ਪੱਤਰਕਾਰੀ ਵਿਚ ਸ: ਜੋਗਿੰਦਰ ਸਿੰਘ ਉਹ ਪਹਿਲੇ ਹਸਤਾਖਰ ਸਨ ਜਿਨ੍ਹਾਂ ਨੂੰ ਅਪਣੇ ਸਿਧਾਂਤ ਤੋਂ ਡੇਗਣ ਲਈ, ਬਾਕੀ ਹਰਬੇ ਫ਼ੇਲ ਹੋ ਜਾਣ ਮਗਰੋਂ, ਕਰੋੜਾਂ ਰੁਪਏ ਦੀ ਰਿਸ਼ਵਤ ਵੀ ਪੇਸ਼ ਕੀਤੀ ਗਈ ਪਰ ਉਨ੍ਹਾਂ ਇਕ ਪੈਸਾ ਵੀ ਲੈਣਾ ਮਨਜ਼ੂਰ ਨਾ ਕੀਤਾ। ਇਸ ਸਰਕਾਰੀ-ਪੁਜਾਰੀ-ਗੋਲਕਧਾਰੀ ਹੱਲੇ ਦੇ ਜਾਰੀ ਰਹਿੰਦਿਆਂ ਹੀ ਸ: ਜੋਗਿੰਦਰ ਸਿੰਘ ਨੇ ਐਲਾਨ ਕੀਤਾ ਕਿ ਪਹਿਲਾਂ ਤੋਂ ਐਲਾਨਿਆ 100 ਕਰੋੜੀ ‘ਉੱਚਾ ਦਰ ਬਾਬੇ ਨਾਨਕ ਦਾ’ ਵੀ ਜ਼ਰੂਰ ਬਣਾਇਆ ਜਾਵੇਗਾ ਜੋ ਹੁਣ ਸ਼ੰਭੂ ਬਾਰਡਰ ਨੇੜੇ ਜੀ.ਟੀ. ਰੋਡ ਉਤੇ ਸ਼ੁਰੂ ਹੋ ਚੁੱਕਾ ਹੈ। ਇਸ ਦੀ ਉਸਾਰੀ ਲਈ ਉਨ੍ਹਾਂ ਕੇਵਲ ਅਪਣੇ ਪਾਠਕਾਂ ਤੋਂ ਹੀ ਮਦਦ ਮੰਗੀ ਤੇ ਇਸ ਨੂੰ ‘ਭਾਈ ਲਾਲੋਆਂ ਦਾ ਅਜੂਬਾ’ ਦਸਿਆ ਜਿਸ ਦਾ 100% ਮੁਨਾਫ਼ਾ ਗ਼ਰੀਬਾਂ ਲਈ ਰਾਖਵਾਂ ਕਰ ਦਿਤਾ ਗਿਆ।


ਕੌਮ ਨੂੰ ਅਖ਼ਬਾਰ ਅਤੇ ‘ਉੱਚਾ ਦਰ ਬਾਬੇ ਨਾਨਕ ਦਾ’ ਦੇ ਰੂਪ ਵਿਚ ਕਰੋੜਾਂ ਦੀਆਂ ਯਾਦਗਾਰੀ ਭੇਟਾਵਾਂ ਅਰਪਣ ਕਰਨ ਵਾਲੇ ਸ: ਜੋਗਿੰਦਰ ਸਿੰਘ ਨੇ ਅਪਣੇ ਲਈ ਇਕ ਘਰ ਵੀ ਕਦੇ ਨਾ ਬਣਾਇਆ ਤੇ ਹੁਣ ਤਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਰਹੇ ਕਿਉਂਕਿ ਉਨ੍ਹਾਂ ਪ੍ਰਣ ਲਿਆ ਸੀ ਕਿ ‘ਉੱਚਾ ਦਰ’ ਚਾਲੂ ਹੋਣ ਤੋਂ ਪਹਿਲਾਂ ਉਹ ਅਪਣੀ ਕੋਈ ਜਾਇਦਾਦ ਵਗ਼ੈਰਾ ਨਹੀਂ ਬਣਾਉਣਗੇ। ਪੱਤਰਕਾਰੀ ਦੇ ਇਤਿਹਾਸ ਵਿਚ ਇਹ ਇਕ ਯਾਦ ਰੱਖਣ ਵਾਲਾ ਪ੍ਰਣ ਹੋਵੇਗਾ। 

ਸ: ਜੋਗਿੰਦਰ ਸਿੰਘ ਨੇ ਅਪਣੀ ਪਹਿਲੀ ਪੁਸਤਕ ‘ਸੋ ਦਰੁ ਤੇਰਾ ਕੇਹਾ’ ਰਾਹੀਂ ਗੁਰਬਾਣੀ ਦੀ ਸਰਲ, ਵਿਗਿਆਨਕ ਤੇ ‘ਨਾਨਕੀ ਢੰਗ ਦੀ’ ਵਿਆਖਿਆ ਪੇਸ਼ ਕੀਤੀ ਜੋ ਸੰਸਾਰ ਭਰ ਵਿਚ ਏਨੀ ਪਸੰਦ ਕੀਤੀ ਗਈ ਕਿ ਉਨ੍ਹਾਂ ਤੋਂ ਸਾਰੀ ਬਾਣੀ ਦੀ ਸਰਲ ਵਿਆਖਿਆ ਲਿਖਣ ਦੀ ਮੰਗ ਕੀਤੀ ਜਾਣ ਲੱਗੀ ਅਤੇ ਹੁਣ ਤਕ ਇਸ ਦੀਆਂ 10 ਹਜ਼ਾਰ ਕਿਤਾਬਾਂ ਵਿਕ ਗਈਆਂ ਹਨ ਹਾਲਾਂਕਿ ਦੁਕਾਨਾਂ ’ਤੇ ਵਿਕਣ ਲਈ ਇਕ ਵੀ ਕਾਪੀ ਨਹੀਂ ਦਿਤੀ ਗਈ। 

 ਸ: ਜੋਗਿੰਦਰ ਸਿੰਘ ਦਾ ਹਰ ਹਫ਼ਤੇ ਛਪਦਾ ਫ਼ੀਚਰ ‘ਮੇਰੀ ਨਿਜੀ ਡਾਇਰੀ ਦੇ ਪੰਨੇ’, ਪੰਜਾਬ ਦੇ ਪਿਛਲੇ 50 ਸਾਲਾ ਇਤਿਹਾਸ ਦਾ ਇਕ ਸੱਚਾ ਸੁੱਚਾ ਸ਼ੀਸ਼ਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇਸ ਨੂੰ ਪੁਸਤਕ ਰੂਪ ’ਚ ਵੀ ਪੇਸ਼ ਕੀਤਾ। ਪੱਤਰਕਾਰੀ ਦੇ ਇਤਿਹਾਸ ਵਿਚ ਇਸ ਵਰਗਾ ਕੋਈ ਦੂਜਾ ਫ਼ੀਚਰ ਜੋ ਏਨੀ ਦੇਰ ਤਕ ਅਪਣਾ ਉਚ ਰੁਤਬਾ ਬਣਾਈ ਰੱਖ ਸਕਿਆ ਹੋਵੇ, ਨਹੀਂ ਲਭਿਆ ਜਾ ਸਕਦਾ। ਉਨ੍ਹਾਂ ਦੇ ਨਕਸ਼ੇ ਕਦਮ ’ਤੇ ਉਨ੍ਹਾਂ ਦੀ ਬੇਟੀ ਨਿਮਰਤ ਕੌਰ ਵੀ ਰੋਜ਼ਾਨਾ ਸਪੋਕਸਮੈਨ ਨਾਂ ਦਾ ਵੈੱਬ ਚੈਨਲ ਚਲਾ ਰਹੇ ਹਨ, ਜੋ ਛੇਤੀ ਹੀ ਟੀ.ਵੀ. ਚੈਨਲ ਬਣਨ ਜਾ ਰਿਹਾ ਹੈ।

ਸ. ਜੋਗਿੰਦਰ ਸਿੰਘ ਦੀਆਂ ਬੇਬਾਕ ਲਿਖਤਾਂ ਅਤੇ ਨਿਧੜਕ, ਨਿਡਰ, ਉਸਾਰੂ ਅਤੇ ਕੌਮ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਵਾਲੀਆਂ ਸ. ਜੋਗਿੰਦਰ ਸਿੰਘ ਦੀਆਂ ਸੰਪਾਦਕੀਆਂ ਨੇ ਸਿੱਖੀ ਵਾਸਤੇ ਕੁੱਝ ਕਰਨ ਲਈ ਸਦਾ ਪ੍ਰੇਰਿਆ। ਸ. ਜੋਗਿੰਦਰ ਸਿੰਘ ਜੀ ਦਾ ਮਿੱਠਾ ਸੁਭਾਅ, ਅਤਿ ਦੀ ਸਾਦਗੀ, ਨਿਮਰਤਾ ਨੇ ਸਾਬਿਤ ਕਰ ਦਿਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸੱਚੇ ਸਿੱਖ ਇਸੇ ਤਰ੍ਹਾਂ ਦੇ ਹੁੰਦੇ ਨੇ, ਜਿਹੋ ਜਿਹੀ ਗੁਰੂ ਜੀ ਨੇ ਵੀ ਕਲਪਨਾ ਕੀਤੀ ਸੀ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement