
ਸਟੇਟ ਅਤੇ ਜ਼ਿਲ੍ਹਾ ਡੈਲੀਗੇਟ ਚੁਣਨ ਦੀ ਪ੍ਰਕਿਰਿਆ ਲਗਭਗ ਮੁਕੰਮਲ
ਸ੍ਰੀ ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਦੇ ਕਾਰਜਸ਼ੀਲ ਪੰਜ ਮੈਂਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪੁਰਜੋਰ ਅਪੀਲ ਕੀਤੀ ਗਈ ਹੈ ਕਿ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ (ਪ੍ਰਧਾਨ ) ਚੁਣੇ ਜਾਣ ਲਈ ਬੁਲਾਏ ਗਏ ਜਨਰਲ ਇਜਲਾਸ ਲਈ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਜਾਜ਼ਤ ਬਿਨਾਂ ਦੇਰੀ ਦਿੱਤੇ ਜਾਣ ਲਈ ਪੱਤਰ ਜਾਰੀ ਕਰਨ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ, ਕਮੇਟੀ ਵਿੱਚ ਬਤੌਰ ਕਾਰਜਸ਼ੀਲ ਮੈਬਰਾਂ ਵਜੋ ਓਹਨਾ ਨੇ ਪੂਰਨ ਸਮਰਪਿਤ ਭਾਵਨਾ ਹੇਠ ਹੁਕਮਨਾਮਾ ਸਾਹਿਬ ਦੀ ਭਾਵਨਾ ਦੀ ਇੰਨ ਬਿੰਨ ਪਾਲਣਾ ਕੀਤੀ ਹੈ। ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਭਾਵਨਾ ਦੇ ਆਖਰੀ ਪੜਾਅ ਨੂੰ ਪੂਰਾ ਕਰਨ ਲਈ ਪੰਥਕ ਪ੍ਰੰਪਰਾਵਾਂ ਤਹਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਨੇਪਰੇ ਚਾੜ੍ਹਨ ਲਈ ਸਿਰਫ ਤੇ ਸਿਰਫ ਇਤਿਹਾਸਿਕ ਹਾਲ ਲਈ ਇਜਾਜ਼ਤ ਬਾਕੀ ਬਚੀ ਹੋਈ, ਇਸ ਲਈ ਪ੍ਰਧਾਨ ਐਸਜੀਪੀਸੀ ਸਰਦਾਰ ਧਾਮੀ ਇਸ ਇਤਿਹਾਸਕ ਦਿਹਾੜੇ ਨੂੰ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਆਪਣਾ ਸਕਰਾਤਮਕ ਰੋਲ ਅਦਾ ਕਰਦੇ ਹੋਏ ਪੰਥਕ ਸ਼ਕਤੀ ਅਤੇ ਏਕਤਾ ਦੇ ਹਾਮੀ ਦੇ ਗਵਾਹ ਬਣਦੇ ਹੋਏ ਤੇਜਾ ਸਿੰਘ ਸਮੁੰਦਰੀ ਹਾਲ ਦੀ ਇਜਾਜ਼ਤ ਬਿਨਾਂ ਦੇਰੀ ਦੇਣ ਦੀ ਕ੍ਰਿਪਾਲਤਾ ਕਰਨ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕੌਮ,ਪੰਥ ਅਤੇ ਪੰਜਾਬੀਆਂ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ 18 ਮਾਰਚ ਨੂੰ ਸ਼ੁਰੂ ਹੋਈ ਭਰਤੀ ਮੁਹਿੰਮ ਨੂੰ ਬਹੁਤ ਸਮਰਥਨ ਅਤੇ ਪਿਆਰ ਮਿਲਿਆ। ਪੂਰਨ ਵਿਧੀ ਵਿਧਾਨ ਅਤੇ ਲੋਕਤੰਤਰਿਕ ਤਰੀਕੇ ਜਰੀਏ ਸੂਬਾਈ ਅਤੇ ਜ਼ਿਲਾ ਡੈਲੀਗੇਟ ਦੀ ਚੋਣ ਮੁਕੰਮਲ ਹੋ ਚੁੱਕੀ ਹੈ। ਇਸ ਭਰਤੀ ਮੁਹਿੰਮ ਦਾ ਆਖਰੀ ਅਤੇ ਫੈਸਲਾਕੁੰਨ ਪੜਾਅ ਪ੍ਰਧਾਨ ਚੁਣੇ ਜਾਣ ਦੇ ਰੂਪ ਵਿੱਚ 11 ਅਗਸਤ ਨੂੰ ਪੂਰਾ ਕਰ ਲਿਆ ਜਾਵੇਗਾ।
ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਪੂਰਨ ਵਿਸ਼ਵਾਸ ਨਾਲ ਉਮੀਦ ਜਤਾਈ ਕਿ ਸਰਦਾਰ ਧਾਮੀ ਪੰਥ ਅਤੇ ਕੌਮ ਦੇ ਇਸ ਇਤਿਹਾਸਕ ਪੜਾਅ ਲਈ ਕਦੇ ਵੀ ਨਾ ਆਪਣੇ ਨਿੱਜੀ ਤੌਰ ਉਪਰ ਅਤੇ ਨ ਹੀ ਸੰਸਥਾ ਦੇ ਮੁਖੀ ਦੇ ਤੌਰ ਤੇ ਅੜਿੱਕਾ ਬਣਨਗੇ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਇਸ ਵੱਡੇ ਕਾਰਜ ਦੇ ਇਤਿਹਾਸਿਕ ਦਿਨ ਨੂੰ ਵੇਖਣ ਲਈ ਪੂਰੇ ਪੰਥ ਅਤੇ ਪੰਜਾਬ ਦੀ ਨਜ਼ਰ ਐਸਜੀਪੀਸੀ ਉਪਰ ਜਰੂਰ ਹੈ ਕਿ ਪੰਥ ਦੀ ਸਭ ਤੋਂ ਵੱਡੀ ਸੰਸਥਾ ਪੰਥ ਦੀ ਸਭ ਤੋਂ ਵੱਡੀ ਅਤੇ ਨੁਮਾਇੰਦਾ ਜਮਾਤ ਦੇ ਪ੍ਰਧਾਨ ਦੀ ਚੋਣ ਲਈ ਇਜਾਜ਼ਤ ਦਿੰਦੀ ਹੈ ਕਿ ਨਹੀਂ। ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਪੰਜਾਬ ਦੇ ਲੋਕ ਇਹ ਵੀ ਵੇਖ ਰਹੇ ਹਨ, ਐਸਜੀਪੀਸੀ ਦੇ ਸਥਾਨ ਵਰਤਣ ਦੀ ਇਜਾਜ਼ਤ ਸਿਰਫ ਬਾਦਲ ਪਰਿਵਾਰ ਕੋਲ ਹੀ ਹੈ ਜਾਂ ਫਿਰ ਸਮੁੱਚੇ ਪੰਥ ਲਈ ਵਰਤੋਂ ਕਰਨ ਦੀ ਇਜਾਜਤ ਹੈ।