
ਸੰਧੂ ਹਸਪਤਾਲ ਦੇ ਡਾਕਟਰ ਨੇ ਮਰੀਜ਼ ਗੁਰਪ੍ਰੀਤ ਸਿੰਘ ਦੇ ਇਲਾਜ਼ ਦੌਰਾਨ ਵਰਤੀ ਸੀ ਕੁਤਾਹੀ
District Consumer Forum imposes a fine of Rs 22 lakh 40 thousand on Sandhu Hospital in Sri Muktsar Sahib : ਜ਼ਿਲ੍ਹਾ ਖਪਤਕਾਰ ਫੋਰਮ ਨੇ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਸੰਧੂ ਹਸਪਤਾਲ ਅਤੇ ਉਸ ਦੇ ਮਾਲਕ ਡਾਕਟਰ ਨੂੰ 22 ਲੱਖ 40 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਹ ਜੁਰਮਾਨਾ ਪੀੜਤ ਵਿਦਿਆਰਥੀ ਗੁਰਪ੍ਰੀਤ ਸਿੰਘ ਨੂੰ 45 ਦਿਨਾਂ ਦੇ ਅੰਦਰ-ਅੰਦਰ ਅਦਾ ਕਰਨ ਲਈ ਵੀ ਕਿਹਾ ਗਿਆ ਹੈ।
ਮਾਮਲਾ 2019 ਦਾ ਹੈ ਜਦੋਂ ਗੁਰਪ੍ਰੀਤ ਸਿੰਘ ਵਾਸੀ ਫਰੀਦਕੋਟ ਪੜ੍ਹਾਈ ਲਈ ਨਿਊਜ਼ੀਲੈਂਡ ਗਿਆ ਸੀ, ਜਿੱਥੇ ਉਸ ਦੇ ਪੇਟ ’ਚ ਦਰਦ ਹੋਇਆ ਅਤੇ ਉਹ ਵਾਪਸ ਇੰਡੀਆ ਆ ਗਿਆ। ਉਹ ਆਪਣੇ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਸਥਿਤ ਸੰਧੂ ਹਸਪਤਾਲ ਦੇ ਡਾਕਟਰ ਸੰਦੀਪ ਨੂੰ ਇਲਾਜ ਲਈ ਮਿਲਿਆ। ਟੈਸਟਾਂ ਤੋਂ ਬਾਅਦ ਡਾਕਟਰ ਨੇ ਗੁਰਪ੍ਰੀਤ ਸਿੰਘ ਦੇ ਪਿੱਤੇ ’ਚ ਪਥਰੀ ਦੱਸੀ ਅਤੇ ਉਹ ਇਲਾਜ ਲਈ ਹਸਪਤਾਲ ’ਚ ਦਾਖਲ ਹੋ ਗਿਆ। ਇਲਾਜ ਦੌਰਾਨ ਡਾਕਟਰ ਦੀ ਲਾਪਰਵਾਹੀ ਕਾਰਨ ਪਿੱਤੇ ਦੇ ਨੇੜਲੀ ਇਕ ਹੋਰ ਨਾੜ ਨੂੰ ਕੱਟ ਲੱਗ ਗਿਆ, ਪਰ ਡਾਕਟਰ ਨੇ ਇਸ ਸਬੰਧੀ ਮਰੀਜ਼ ਨੂੰ ਨਹੀਂ ਦੱਸਿਆ। ਕੁੱਝ ਸਮੇਂ ਬਾਅਦ ਗੁਰਪ੍ਰੀਤ ਦੀ ਸਮੱਸਿਆ ਵਧਣ ਲੱਗੀ ਅਤੇ ਉਸ ਨੇ ਆਪਣੀ ਸਮੱਸਿਆ ਸਬੰਧੀ ਡਾਕਟਰ ਨੂੰ ਦੱਸਿਆ। ਉਸ ਨੇ ਗਰਪ੍ਰੀਤ ਸਿੰਘ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਗੁਰਪ੍ਰੀਤ ਦਾ ਇਲਾਜ ਕਰਕੇ ਤੰਦਰੁਸਤ ਕਰ ਦਿੱਤਾ।
ਗੁਰਪ੍ਰੀਤ ਨੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਕਿ ਸੰਧੂ ਹਸਪਤਾਲ ਨੇ ਅਪ੍ਰੇਸ਼ਨ ਤੋਂ ਬਾਅਦ ਉਸ ਨੂੰ ਡਿਸਚਾਰਜ ਹਿਸਟਰੀ ਨਹੀਂ ਦਿੱਤੀ ਅਤੇ ਨਾ ਹੀ ਅਪ੍ਰੇਸ਼ਨ ਦੌਰਾਨ ਹੋਈ ਕੁਤਾਹੀ ਬਾਰੇ ਦੱਸਿਆ। ਜਿਸ ਦੇ ਚਲਦਿਆਂ ਉਸ ਦਾ ਵਿਦੇਸ਼ ’ਚ ਪੜ੍ਹਨ ਦਾ ਸੁਪਨਾ ਖਤਮ ਹੋ ਗਿਆ ਅਤੇ ਨਿਊਜ਼ੀਲੈਂਡ ਦੇ ਕਾਲਜ ਵਿਚ ਭਰੀ 8 ਲੱਖ ਰੁਪਏ ਫੀਸ ਵੀ ਜਬਤ ਹੋ ਗਈ।
ਖਪਤਕਾਰ ਕਮਿਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਹੁਕਮ ’ਚ ਸੰਧੂ ਹਸਪਤਾਲ ਦੇ ਮਾਲਕ ਡਾ. ਸੰਦੀਪ ਸਿੰਘ ਸੰਧੂ ਅਤੇ ਹਸਪਤਾਲ ਦੀ ਬੀਮਾ ਕੰਪਨੀ ਨੂੰ ਆਦੇਸ਼ ਦਿੱਤੇ ਹਨ ਕਿ ਗੁਰਪ੍ਰੀਤ ਸਿੰਘ ਦੀ ਪੜ੍ਹਾਈ, ਸਿਹਤ, ਮਾਨਸਿਕ ਪ੍ਰੇਸ਼ਾਨੀ ਅਤੇ ਇਲਾਜ ’ਤੇ ਆਏ ਖਰਚ ਨੂੰ ਧਿਆਨ ’ਚ ਰੱਖਦੇ ਹੋਏ 22 ਲੱਖ 40 ਹਜ਼ਾਰ ਰੁਪਏ ਅਦਾ ਕੀਤੇ ਜਾਣ। ਅਦਾਲਤ ਨੇ ਇਸ ਫੈਸਲੇ ਤੋਂ ਪਹਿਲਾਂ ਹਸਪਤਾਲ ਨੂੰ ਸੁਣਵਾਈ ਦਾ ਮੌਕਾ ਦਿੱਤਾ ਸੀ ਪਰ ਹਸਪਤਾਲ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਿਆ ਸੀ। ਖਪਤਕਾਰ ਕਮਿਸ਼ਨ ਨੇ ਕਿਹਾ ਕਿ ਸ਼ਿਕਾਇਤ ਕਰਤਾ ਵੱਲੋਂ ਪੇਸ਼ ਕੀਤਾ ਰਿਕਾਰਡ ਸਾਬਤ ਕਰਦਾ ਹੈ ਕਿ ਇਲਾਜ ਦੌਰਾਨ ਲਾਪਰਵਾਹੀ ਵਰਤੀ ਗਈ ਹੈ।