
ਸ਼ਹੀਦ ਹੋਏ ਫ਼ੌਜੀ ਜ਼ੋਰਾਵਰ ਸਿੰਘ ਦੇ ਸਸਕਾਰ ਮੌਕੇ ਨਾ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਵਿਧਾਇਕ
ਸਿੱਖ ਰੈਜੀਮੈਂਟ ਨੇ ਵੀ ਨਾ ਦਿਤੀ ਸਲਾਮੀ
ਪੱਟੀ/ਭਿੱਖੀਵੰਡ, 3 ਸਤੰਬਰ (ਅਜੀਤ ਘਰਿਆਲਾ/ਗੁਰਪ੍ਰਤਾਪ ਜੱਜ/ਪ੍ਰਦੀਪ): ਛੱਤੀਸਗੜ੍ਹ ਦੇ ਰਾਮਗੜ੍ਹ ਰਾਂਚੀ ਸੈਕਟਰ ਵਿਖੇ ਛੇ ਸਿੱਖ ਰੈਜੀਮੈਂਟ 'ਚ ਸਿਖਲਾਈ ਦੌਰਾਨ ਸਬ ਡਵੀਜ਼ਨ ਪੱਟੀ ਅਤੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਕੁੱਲਾ ਦੇ ਨੌਜਵਾਨ ਜ਼ੋਰਾਵਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਮੰਗਲਵਾਰ ਸ਼ਾਮ ਨੂੰ ਐਸਆਰਸੀ ਸਿੱਖ ਮਿਊਜੀਅਮ ਨੇੜੇ ਮਧੁਰ ਤਲਾਬ 'ਚ ਡੁੱਬ ਰਹੇ ਸਾਥੀ ਨੂੰ ਬਚਾਉਣ ਸਮੇਂ ਡੁੱਬਣ ਕਾਰਨ ਮੌਤ ਹੋ ਗਈ ਸੀ। ਜ਼ੋਰਾਵਰ ਸਿੰਘ ਦੀ ਮ੍ਰਿਤਕ ਦੇਹ ਵੀਰਵਾਰ ਨੂੰ ਪਿੰਡ ਕੁੱਲਾ ਪੁੱਜੀ। ਜਿਥੇ ਉਸ ਦਾ ਅੰਤਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਤਹਿਸੀਲ ਪੱਧਰ ਅਧਿਕਾਰੀ ਅਤੇ ਨਾ ਹੀ ਹਲਕੇ ਦਾ ਵਿਧਾਇਕ ਪਹੁੰਚਿਆਂ ਜਿਸ ਕਾਰਨ ਪਰਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ 'ਚ ਰੋਸ ਜਾਹਿਰ ਕੀਤਾ।
ਇਸ ਦੌਰਾਨ ਨੌਜਵਾਨ ਨੂੰ ਫ਼ੌਜ ਦੇ ਅਧਿਕਾਰੀਆਂ ਵਲਂ ਸਲਾਮੀ ਵੀ ਨਹੀਂ ਦਿਤੀ ਗਈ। ਇਸ ਮੌਕੇ 44 ਰੈਜੀਮੈਂਟ ਅੰਮ੍ਰਿਤਸਰ ਤੋਂ ਪਹੁੰਚੇ ਅਧਿਕਾਰੀਆਂ ਅਤੇ ਇਲਾਕੇ ਦੀ ਸੰਗਤ ਨੇ ਜ਼ੋਰਾਵਰ ਸਿੰਘ ਦੀ ਦੇਹ 'ਤੇ ਫੁੱਲ ਮਾਲਾਵਾਂ ਭੇਂਟ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਜ਼ੋਰਾਵਰ ਸਿੰਘ ਦੇ ਪਿਤਾimage ਅਮਰੀਕ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਬੇਹੱਦ ਦੁੱਖ ਹੋਇਆ ਕਿ ਅੱਜ ਮੇਰੇ ਪੁੱਤ ਦਾ ਸਿਵਾ ਬਲ ਰਿਹਾ ਹੈ ਜਿਸ ਦੀ ਡਿਊਟੀ ਦੌਰਾਨ ਮੌਤ ਹੋਈ ਹੈ ਪਰ ਕਿਸੇ ਵੀ ਪ੍ਰਸ਼ਾਸਨਕ ਅਧਿਕਾਰੀ ਜਾਂ ਹਲਕੇ ਦੇ ਵਿਧਾਇਕ ਨੇ ਇਸ ਮੌਕੇ ਆਉਣਾ ਜ਼ਰੂਰੀ ਨਹੀਂ ਸਮਝਿਆ। ਉਸ ਨੇ ਦਸਿਆ ਕਿ ਉਹ ਖ਼ੁਦ ਫ਼ੌਜ 'ਚੋਂ ਸੇਵਾ ਮੁਕਤ ਹੋਇਆ ਹੈ। ਉਸ ਦਾ ਲੜਕਾ ਨੈਸ਼ਨਲ ਪੱਧਰ ਦਾ ਬਾਕਸਰ ਸੀ ਜਿਸ ਨੇ 12 ਤਗਮੇ ਜਿੱਤ ਕੇ ਪੰਜਾਬ ਦੀ ਝੋਲੀ ਪਾਏ। ਉਸ ਦਾ ਵੱਡਾ ਲੜਕਾ ਵੀ ਬਾਕਸਿੰਗ ਦਾ ਖਿਡਾਰੀ ਹੈ। ਪਰ ਸਾਨੂੰ ਅਫ਼ਸੋਸ ਹੈ ਕਿ ਫ਼ੌਜ ਦੇ ਅਧਿਕਾਰੀਆਂ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ। ਅਮਰੀਕ ਸਿੰਘ ਨੇ ਕਿਹਾ ਕਿ ਇਸ ਨੂੰ ਸਲਾਮੀ ਕਿਉਂ ਨਹੀਂ ਦਿਤੀ ਗਈ। ਕੀ ਇਹ ਸ਼ਹੀਦ ਨਹੀਂ? ਕੀ ਗੋਲੀ ਖਾਣ ਵਾਲਾ ਹੀ ਅਸਲ ਸ਼ਹੀਦ ਹੈ।