
'ਚਿੱਟੇ ਸੋਨੇ' ਤੇ 'ਗੁਲਾਬੀ ਸੁੰਡੀ' ਦਾ ਹਮਲਾ, ਵਧੀਕ ਡਾਇਰੈਕਟਰ ਨੇ ਕੀਤਾ ਖੇਤਾਂ ਦਾ ਦੌਰਾ
ਖੇਤੀ ਮਾਹਰਾਂ ਨੇ ਕਾਟਨ ਫ਼ੈਕਟਰੀ ਨੂੰ ਠਹਿਰਾਇਆ ਜ਼ਿੰਮੇਵਾਰ
ਬਠਿੰਡਾ, 3 ਸਤੰਬਰ (ਸੁਖਜਿੰਦਰ ਮਾਨ) : ਕਰੀਬ 36 ਸਾਲਾਂ ਪੰਜਾਬ ਦੇ ਖੇਤਾਂ 'ਚ ਮੁੜ ਪਰਤੀ 'ਗੁਲਾਬੀ ਸੁੰਡੀ' ਦੇ ਵਧਦੇ ਕਹਿਰ ਨੂੰ ਠੱਲਣ ਲਈ ਖੇਤੀਬਾੜੀ ਵਿਭਾਗ ਸਰਗਰਮ ਹੋ ਗਿਆ ਹੈ। ਅੱਜ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਤੇ ਖੇਤੀਬਾੜੀ ਯੂਨੀਵਰਸਟੀ ਦੇ ਖੋਜ ਕੇਂਦਰ ਦੇ ਡਾਇਰੈਕਟਰ ਡਾ ਪਰਮਜੀਤ ਸਿੰਘ ਸਹਿਤ ਮਾਹਰਾਂ ਨੇ ਬਠਿੰਡਾ ਨੇੜ੍ਹਲੇ ਪਿੰਡ ਜੋਧਪੁਰ ਰੋਮਾਣਾ ਦੇ ਖੇਤਾਂ ਵਿਚ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਪਿੰਡ ਦੇ ਕਿਸਾਨਾਂ ਨੇ ਦੋ ਦਿਨ ਪਹਿਲਾਂ ਦਰਜ਼ਨਾਂ ਕਿਸਾਨਾਂ ਨੇ ਗੁਲਾਬੀ ਸੁੰਡੀ ਨਾਲ ਤਬਾਹ ਹੋਏ ਨਰਮੇ ਦੇ ਬੂਟਿਆਂ ਨੂੰ ਲੈ ਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ 'ਚ ਰੋਸ਼ ਪ੍ਰਦਰਸ਼ਨ ਕੀਤਾ ਸੀ।
ਸੂਚਨਾ ਮੁਤਾਬਕ ਖੇਤੀਬਾੜੀ ਮਾਹਰਾਂ ਨੇ ਇਸ ਪਿੰਡ ਦੇ ਖੇਤਾਂ 'ਚ ਕਹਿਰ ਬਰਸਾ ਰਾਹੀ ਗੁਲਾਬੀ ਸੁੰਡੀ ਲਈ ਇਥੇ ਲੱਗੀ ਇਕ ਕਾਟਨ ਫ਼ੈਕਟਰੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮੰਡੀਕਰਨ ਬੋਰਡ ਕੋਲ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ। ਸੰਯੁਕਤ ਡਾਇਰੈਕਟਰ ਡਾ ਸਿੱਧੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ''ਮੁਢਲੀ ਪੜਤਾਲ ਮੁਤਾਬਕ ਇਸ ਫ਼ੈਕਟਰੀ ਦੇ ਮਾਲਕਾਂ ਵਲੋਂ ਬਾਹਰ ਤੋਂ ਮਾਲ ਲਿਆਉਣ ਦੀ ਸ਼ੰਕਾ ਹੈ, ਜਿਸਦੇ ਨਾਲ ਦਖਣ ਭਾਰਤ ਵਿਚੋਂ ਇਹ ਗੁਲਾਬੀ ਸੁੰਡੀ ਦਖਣੀ ਮਾਲਵਾ 'ਚ ਪੁੱਜੀ ਹੈ।'' ਉਨ੍ਹਾਂ ਇਹ ਵੀ ਦਸਿਆ ਕਿ ਗੁਲਾਬੀ ਸੁੰਡੀ ਦਾ ਰੋਲਾ ਪੈਣ ਤੋਂ ਬਾਅਦ ਫ਼ੈਕਟਰੀ ਮਾਲਕਾਂ ਵਲੋਂ ਇਥੇ ਟੋਆ ਪੁੱਟ ਕੇ ਤਾਜ਼ੀ ਰਹਿੰਦ-ਖੁੰਹਦ ਨੱਪੀ ਗਈ ਸੀ, ਜਿਸਨੂੰ ਅੱਜ ਮੌਕੇ 'ਤੇ ਪੁੱਟਵਾਇਆ ਗਿਆ।
ਸੂਚਨਾ ਮੁਤਾਬਕ ਇਸ ਟੋਏ ਵਿਚ ਨੱਪੇ ਬੜੇਵਿਆਂ ਤੇ ਕਪਾਹ ਦੀਆਂ ਫੁੱਟੀਆਂ ਵਿਚੋਂ ਗੁਲਾਬੀ ਸੁੰਡੀ ਦੇ ਪਤੰਗੇ ਪਾਏ ਗਏ ਹਨ। ਹਾਲਾਂਕਿ ਫ਼ੈਕਟਰੀ ਮਾਲਕ ਮੋਹਿਤ ਬਾਂਸਲ ਨੇ ਖੇਤੀਬਾੜੀ ਅਧਿਕਾਰੀਆਂ ਦੇ ਦਾਅਵੇ ਨੂੰ ਗ਼ਲਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਵਲੋਂ ਪਿਛਲੇ 5 ਸਾਲਾਂ ਵਿਚ ਇਕ ਵਾਰ ਵੀ ਸੀਡ ਜਾਂ ਰੂੰਈ ਦਖਣ ਭਾਰਤ ਵਿਚੋਂ ਨਹੀਂ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਅਧਿਕਾਰੀ ਸਿਰਫ਼ ਕਿਸਾਨਾਂ ਦੇ ਪਿਛੇ ਲੱਗ ਕੇ ਫ਼ੈਕਟਰੀ ਨੂੰ ਹੀ ਜ਼ਿੰਮੇਵਾਰ ਠਹਿਰਾ ਰਹੇ ਹਨ ਜਦੋਂਕਿ ਇਥੇ ਆਸਪਾਸ ਕਈ ਸੀਡ ਗੋਦਾਮ ਹਨ ਤੇ ਤੇਲ ਫ਼ੈਕਟਰੀਆਂ ਵੀ ਹਨ, ਜਿਥੇ ਲੱਖਾਂ ਟਨ ਸੀਡ ਦਖਣ ਭਾਰਤ ਤੋਂ ਆਉਂਦਾ ਹੈ।
ਉਧਰ ਖੇਤੀ ਮਾਹਰਾਂ ਦੀ ਮੁਢਲੀ ਪੜਤਾਲ ਮੁਤਾਬਕ ਗੁਲਾਬੀ ਸੁੰਡੀ ਨੇ ਇਸ ਪਿੰਡ ਦੇ ਕਰੀਬ 300 ਏਕੜ ਰਕਬੇ ਵਿਚ ਨਰਮੇ ਦਾ ਭਾਰੀ ਨੁਕਸਾਨ ਕੀਤਾ ਗਿਆ ਹੈ। ਮਾਹਰਾਂ ਮੁਤਾਬਕ ਹੁਣ ਤਕ ਨਰਮੇ ਦੇ ਬੂਟੇ ਨੂੰ ਲੱਗੇ ਟੀਡਿਆਂ ਵਿਚੋਂ 60 ਫ਼ੀ ਸਦੀ ਤੋਂ ਵੱਧ ਅੰਦਰੋਂ ਸੁੰਡੀ ਨੇ ਖ਼ਤਮ ਕਰ ਦਿਤੇ ਹਨ। ਜਿਸਤਂੋ ਬਾਅਦ ਹੁਣ ਖੇਤੀਬਾੜੀ ਮਾਹਰਾਂ ਦਾ ਸਾਰਾ ਜੋਰ 20 ਸਤੰਬਰ ਤਕ ਲੱਗਣ ਵਾਲੇ ਫ਼ਲ ਨੂੰ ਬਚਾਉਣ 'ਤੇ ਲੱਗ ਗਿਆ ਹੈ। ਉਂਜ ਇਸ ਮਾਰੂ ਸੁੰਡੀ ਦਾ ਹਮਲਾ ਜੋਧਪੁਰ ਰੋਮਾਣਾ ਨਾਲ ਲੱਗਦੇ ਪਿੰਡ ਗੁਰੂਸਰ ਸੈਣੇਵਾਲਾ ਵਿਖੇ ਵੀ ਦੇਖਣ ਨੂੰ ਮਿਲਿਆ ਹੈ।
ਜਿਥੇ ਵੀ ਇਕ ਹੋਰ ਕਾਟਨ ਫ਼ੈਕਟਰੀ ਲੱਗੀ ਹੋਈ ਹੈ। ਖੇਤੀਬਾੜੀ ਮਾਹਰਾਂ ਵਲੋਂ ਪਿੰਡ ਜੋਧਪੁਰ ਰੋਮਾਣਾ 'ਚ ਲੱਗੀ ਸ਼੍ਰੀ ਕ੍ਰਿਸ਼ਨਾ ਕਾਟਨ ਫ਼ੈਕਟਰੀ ਤੋਂ ਇਲਾਵਾ ਇਥੋਂ ਨੇੜਲੀਆਂ ਸਿਵ ਕਾਕਟਸ ਫ਼ੈਕਟਰੀ ਤੇ ਅਗਰਵਾਲ ਕਾਟਨ ਫ਼ੈਕਟਰੀ ਦਾ ਵੀ ਮੁਆਇਨਾ ਕੀਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਪੰਜਾਬ ਵਿਚ ਸਾਲ 1983-84 ਤਕ ਗੁਲਾਬੀ ਸੁੰਡੀ ਨਰਮੇ ਦੇ ਖੇਤਾਂ ਵਿਚ ਚਿੱਟੀ ਮੱਖੀ ਤੋਂ ਵੱਧ ਕਹਿਰ ਮਚਾਉਂਦੀ ਰਹੀ ਹੈ। ਪ੍ਰੰਤੂ ਕਿਸਾਨਾਂ ਤੇ ਖੇਤੀਬਾੜੀ ਵਿਭਾਗ ਦੀਆਂ ਅਣਥੱਕ ਕੋਸ਼ਿਸ਼ਾਂ ਦੇ ਬਾਅਦ ਇਸਨੂੰ ਖ਼ਤਮ ਕੀਤਾ ਜਾ ਸਕਿਆ ਸੀ। ਉਂਜ ਇਹ ਸੁੰਡੀ ਸਾਲ 2018 ਵਿਚ ਦਖਣ ਭਾਰਤ ਵਿਚ ਮਿਲੀ ਸੀ, ਜਿਥੋਂ ਹੁਣ ਫ਼ੈਕਟਰੀ ਮਾਲਕਾਂ ਦੁਆਰਾ ਮਾਲ ਲਿਆਉਣ ਦੀ ਚਰਚਾ ਚੱਲ ਸੁਣਾਈ ਦੇ ਰਹੀ ਹੈ।
ਪੰਜਾਬ 'ਚ ਮੌਜੂਦਾ ਸਮੇਂ ਪੰਜ ਲੱਖ ਹੈਕਟੇਅਰ ਦੇ ਕਰੀਬ ਰਕਬੇ ਵਿਚ ਨਰਮੇਂ ਦੀ ਬੀਜਾਂਦ ਕੀਤੀ ਹੋਈ ਹੈ। ਹਾਲਾਂਕਿ ਕੁੱਝ ਦਿਨ ਪਹਿਲਾਂ ਮਾਨਸਾ ਅਤੇ ਫ਼ਾਜਲਿਕਾ 'ਚ ਚਿੱਟੀ ਮੱਖੀ ਦਾ ਹਮਲਾ ਹੋਣ ਦੀ ਸੂਚਨਾ ਸੀ ਪ੍ਰੰਤੂ ਇਸਦਾ ਹਮਲਾ ਖ਼ਤਰਨਾਕ ਪੱਧਰ ਤੋਂ ਕਾਫ਼ੀ ਘੱਟ ਸੀ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਬਹਾਦਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਸਾਲ ਬਠਿੰਡਾ ਜ਼ਿਲ੍ਹੇ 'ਚ 1,72,488 ਹੈਕਟੇਅਰ ਰਕਬੇ 'ਚ ਨਰਮੇ ਦੀ ਕਾਸ਼ਤ ਕੀਤੀ ਗਈ ਹੈ। ਜਿਸ ਵਿਚ 4,198 ਹੈਕਟੇਅਰ ਰਕਬੇ 'ਤੇ ਬੈਡ ਪਲਾਂਟਿੰਗ ਰਾਹੀਂ ਨਰਮੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਾਲ ਨਰਮੇ ਦੀ ਫ਼ਸਲ ਬਹੁਤ ਵਧੀਆ ਹੈ ਤੇ ਚੰਗੇ ਝਾੜ ਦੀ ਉਮੀਦ ਕੀਤੀ ਜਾ ਰਹੀ ਹੈ।
ਪ੍ਰਭਾਵਿਤ ਖੇਤਰ 'ਚ ਵਿਭਾਗ ਕਰਵਾਏਗਾ ਮੁਫ਼ਤ ਸਪਰੇ
ਬਠਿੰਡਾ: ਸੈਂਕੜੇ ਏਕੜ 'ਚ ਗੁਲਾਬੀ ਸੁੰਡੀ ਦੁਆਰਾ ਮਚਾਏ ਕਹਿਰ ਦੌਰਾਨ ਕਿਸਾਨਾਂ ਦੇ ਹੋਏ ਭਾਰੀ ਨੁਕਸਾਨ ਨੂੰ ਦੇਖਦਿਆਂ ਖੇਤੀਬਾੜੀ ਵਿਭਾਗ ਨੇ ਪ੍ਰਭਾਵਿਤ ਖੇਤਰ ਵਿਚ ਮੁਫ਼ਤ ਸਪਰੇ ਕਰਵਾਉਣ ਦਾ ਐਲਾਨ ਕੀimageਤਾ ਹੈ। ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ ਸੁਖਦੇਵ ਸਿੰਘ ਸਿੱਧੂ ਨੇ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ''ਪਿੰਡ ਵਾਲਿਆਂ ਨੂੰ ਯੂ.ਪੀ.ਐਲ ਕੰਪਨੀ ਦੇ ਦਸ ਸਪਰੇ ਪੰਪ ਦਿਤੇ ਗਏ ਹਨ। ਇਸਤੋਂ ਇਲਾਵਾ ਡੈਲਟਾ ਕੰਪਨੀ ਦੀ ਡੈਸਿਸ ਸਪਰੇ ਨੂੰ ਖੇਤਾਂ ਵਿਚ ਵਿਭਾਗ ਵਲੋਂ ਛਿੜਕਾਇਆ ਜਾਵੇਗਾ। ''
ਇਸ ਖ਼ਬਰ ਨਾਲ ਸਬੰਧਤ ਫੋਟੋ 03 ਬੀਟੀਆਈ 04 ਨੰਬਰ ਵਿਚ ਭੇਜੀ ਜਾ ਰਹੀ ਹੈ।