
ਮੁੱਖ ਸਕੱਤਰ ਵਲੋਂ ਬਠਿੰਡਾ ਏਮਜ਼ ਵਿਖੇ ਆਈਪੀਡੀ ਸੇਵਾਵਾਂ ਸਤੰਬਰ ਦੇ ਅੰਤ ਤਕ ਸ਼ੁਰੂ ਕਰਨ ਦੇ ਆਦੇਸ਼
ਚੰਡੀਗੜ੍ਹ, 3 ਸਤੰਬਰ (ਸ.ਸ.ਸ.) : ਭਵਿੱਖ ਵਿਚ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ, ਵਿਸ਼ੇਸ਼ ਤੌਰ ’ਤੇ ਕੋਵਿਡ ਦੇ ਅੱਗੇ ਫੈਲਾਅ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਬਿਹਤਰੀਨ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਅਤੇ ਬੁਨਿਆਦੀ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਸਕੱਤਰ, ਸ੍ਰੀਮਤੀ ਵਿਨੀ ਮਹਾਜਨ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਵਿਚ ਆਈਪੀਡੀ (ਇਨ ਪੇਸ਼ੈਂਟ ਡਿਪਾਰਟਮੈਂਟ) ਸੇਵਾਵਾਂ ਸਤੰਬਰ ਦੇ ਅੰਤ ਤਕ ਸ਼ੁਰੂ ਕਰਨ ਤੋਂ ਇਲਾਵਾ ਅਗਲੇ ਸਾਲ ਅਕਤੂਬਰ ਤਕ ਸੰਗਰੂਰ ਵਿਚ ਉਸਾਰੀ ਅਧੀਨ ਪੀਜੀਆਈ ਸੈਟੇਲਾਈਟ ਸੈਂਟਰ ਨੂੰ ਕਾਰਜਸ਼ੀਲ ਕਰਨ ਦੇ ਨਿਰਦੇਸ਼ ਦਿਤੇ।
ਇਥੇ ਇਕ ਉਚ ਪਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਗਿਆ ਕਿ ਫ਼ਿਰੋਜ਼ਪੁਰ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਨਿਰਮਾਣ ਕਾਰਜ ਪਿਛਲੇ ਮਹੀਨੇ ਸੌਂਪ ਦਿਤਾ ਗਿਆ ਹੈ ਅਤੇ ਇਹ ਕੰਮ 39 ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ।
ਪਿਛਲੇ ਹਫ਼ਤੇ ਸੂਬੇ ਵਿਚ ਕੋਵਿਡ ਪਾਜ਼ੇਟਿਵਿਟੀ ਦਰ 0.1 ਫ਼ੀਸਦ ’ਤੇ ਸਥਿਰ ਰਹਿਣ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਵੱਡੇ ਪੱਧਰ ’ਤੇ ਜਾਂਚ ਅਤੇ ਸੰਪਰਕ ਟਰੇਸਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿਤੇ।
ਸ੍ਰੀਮਤੀ ਮਹਾਜਨ ਨੇ 31 ਅਹਿਮ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਵੀ ਕੀਤੀ, ਜਿਸ ਵਿਚ ਭਾਰਤੀ ਰੇਲਵੇ, ਭਾਰਤੀ ਕੌਮੀ ਰਾਜਮਾਰਗ ਅਥਾਰਟੀ ਅਤੇ ਲੋਕ ਨਿਰਮਾਣ ਵਿਭਾਗ ਵਲੋਂ ਚਲਾਏ ਜਾ ਰਹੇ ਵੱਖ-ਵੱਖ ਰੇਲਵੇ ਲਾਈਨਾਂ ਅਤੇ ਸੜਕੀ ਪ੍ਰਾਜੈਕਟਾਂ ਤੋਂ ਇਲਾਵਾ ਰੋਪੜ ਵਿਚ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਅੰਮ੍ਰਿਤਸਰ ਵਿਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ, ਬਠਿੰਡਾ ਵਿਚ ਏਮਜ਼, ਸੰਗਰੂਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਅਤੇ ਬਠਿੰਡਾ ਵਿਚ ਈਥਾਨੋਲ ਬਾਇਉ-ਰਿਫ਼ਾਇਨਰੀ ਪ੍ਰਾਜੈਕਟ ਸ਼ਾਮਲ ਹਨ।