
‘‘ਕਾਂਗਰਸੀ ਜੈਜੀਤ ਜੌਹਲ ਨੇ ਅਕਾਲੀ ਸਰੂਪ ਸਿੰਗਲਾ ਨੂੰ ਦਿਤਾ ਠੋਕਵਾਂ ਜਵਾਬ’’
ਬਠਿੰਡਾ, 3 ਸਤੰਬਰ (ਬਲਵਿੰਦਰ ਸ਼ਰਮਾ) : ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵਲੋਂ ਲਾਏ ਗਏ ਦੋਸ਼ਾਂ ਦਾ ਸੀਨੀਅਰ ਕਾਂਗਰਸੀ ਆਗੂ ਜੈਜੀਤ ਨੇ ਠੋਕਵਾਂ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਬਿਨਾਂ ਵਜ੍ਹਾ ਝੂਠੇ ਇਲਜਾਮ ਲਗਾ ਕੇ ਸਸਤੀ ਸ਼ੁਹਰਤ ਲੈਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਗਲਾ ਦੀ ਇਹ ਆਦਤ ਬਣ ਚੁੱਕੀ ਹੈ ਕਿ ਉਹ ਹਰ ਛੋਟੀ ਛੋਟੀ ਗੱਲ ਨੂੰ ਬਿਨਾਂ ਘੋਖੇ ਪੜਤਾਲੇ ਇਲਜ਼ਾਮਾਂ ਤੇ ਉਤਰ ਆਉਂਦੇ ਹਨ। ਜੌਹਲ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ, ਉਸ ਦਾ ਕਾਂਗਰਸ ਪਾਰਟੀ ਜਾਂ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਘਟਨਾ ਦਾ ਵਿਸਥਾਰ ਦਿੰਦਿਆਂ ਕਿਹਾ ਕਿ ਪੁਲਿਸ ਨੇ ਹਰਦੇਵ ਨਗਰ ਤੋਂ ਇਕ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਸਮੇਤ ਗਿ੍ਰਫ਼ਤਾਰ ਕੀਤਾ ਸੀ, ਜਿਸ ਨੇ ਪੁੱਛਗਿੱਛ ਵਿਚ ਗੁਰੂ ਕੀ ਨਗਰੀ ਦੇ ਇਕ ਵਿਅਕਤੀ ਰਤਨ ਕੁਮਾਰ ਦਾ ਨਾਮ ਲਿਆ ਸੀ ਕਿ ਉਹ ਉਸ ਤੋਂ ਨਸ਼ੀਲੀਆਂ ਗੋਲੀਆਂ ਖ਼ਰੀਦ ਕੇ ਲਿਆਇਆ ਹੈ। ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਰਤਨ ਕੁਮਾਰ ਨੂੰ ਗਿ੍ਰਫ਼ਤਾਰ ਕਰ ਲਿਆ। ਉਨ੍ਹਾਂ ਖੁਦ ਐਸ.ਐਸ.ਪੀ. ਨੂੰ ਕਿਹਾ ਹੈ ਕਿ ਉਹ ਇਕ ਐਪਲੀਕੇਸ਼ਨ ਦੇ ਦੇਣਗੇ, ਜਿਸ ਤੋਂ ਉਸ ਦੇ ਫ਼ੋਨ ਕਾਲ ਦੀਆਂ ਡਿਟੇਲਸ ਮਿਲ ਜਾਣਗੀਆਂ। ਜਿਸ ਤੋਂ ਅਪਣੇ ਆਪ ਪਤਾ ਲੱਗ ਜਾਵੇਗਾ ਕਿ ਰਤਨ ਦਾ ਉਨ੍ਹਾਂ ਨਾਲ ਕੋਈ ਸਬੰਧ ਸੀ ਜਾਂ ਨਹੀਂ। ਜੌਹਲ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਦਾ ਉਕਤ ਵਿਅਕਤੀ ਦਾ ਕੋਈ ਸਬੰਧ ਹੁੰਦਾ ਤਾਂ ਉਸ ਦੇ ਪਰਵਾਰਕ ਮੈਂਬਰਾਂ ਵਲੋਂ ਸੱਭ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੂੰ ਫ਼ੋਨ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਰੂਪ ਚੰਦ ਸਿੰਗਲਾ ਲਗਾਤਾਰ ਸ਼ਹਿਰ ਅੰਦਰ ਖੁਰ ਰਹੇ ਅਪਣੇ ਆਧਾਰ ਤੋਂ ਬੁਖਲਾਹਟ ਵਿਚ ਆ ਕੇ ਅਜਿਹੇ ਦੋਸ਼ ਲਗਾ ਰਹੇ ਹਨ।
ਗੁਰੂ ਕੀ ਨਗਰੀ ਦੇ ਕਾਂਗਰਸੀ ਆਗੂ ਮਹਿੰਦਰ ਭੋਲਾ ਨੇ ਕਿਹਾ ਕਿ ਸਰੂਪ ਚੰਦ ਸਿੰਗਲਾ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਲਗਾਏ ਗਏ ਦੋਸ਼ ਬੇਤੁਕੇ ਤੇ ਝੂਠੇ ਹਨ। ਉਨ੍ਹਾਂ ਕਿਹਾ ਕਿ ਸਿੰਗਲਾ ਨੇ ਫੜ੍ਹੇ ਗਏ ਦੋਸ਼ੀ ਨੂੰ ਵਾਰਡ ਪ੍ਰਧਾਨ ਦਸਿਆ ਹੈ ਜਦਕਿ ਉਸ ਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਇਸ ਤਰ੍ਹਾਂ ਦੀ ਘਟੀਆ ਤੇ ਹੋਛੀ ਰਾਜਨੀਤੀ ਦੀ ਬਜਾਏ ਵਿਕਾਸ ਦੀ ਰਾਜਨੀਤੀ ਕਰਨ ਤਾਂ ਚੰਗਾ ਰਹੇਗਾ। ਭੋਲਾ ਨੇ ਕਿਹਾ ਕਿ ਸਿੰਗਲਾ ਨੂੰ ਇਸ ਤਰ੍ਹਾਂ ਕਿਸੇ ’ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਮਾਮਲੇ ਦੀ ਪੜਤਾਲ ਕਰ ਲੈਣੀ ਬਣਦੀ ਹੈ ਪਰ ਉਹ ਬੁਖਲਾਹਟ ਵਿਚ ਆ ਕੇ ਹਰ ਰੋਜ਼ ਕੋਈ ਨਾ ਕੋਈ ਇਲਜ਼ਾਮ ਲਗਾਉਂਦੇ ਰਹਿੰਦੇ ਹਨ। ਸੀਨੀਅਰ ਕਾਂਗਰਸੀ ਆਗੂ ਟਹਿਲ ਸਿੰਘ ਬੁੱਟਰ ਨੇ ਕਿਹਾ ਕਿ ਸਿੰਗਲਾ ਵਲੋਂ ਲਗਾਏ ਦੋਸ਼ਾਂ ਤੋਂ ਬਾਅਦ ਪੂਰੀ ਗੁਰੂ ਕੀ ਨਗਰੀ ਦੇ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਘਟੀਆ ਪੱਧਰ ਦੀ ਰਾਜਨੀਤੀ ’ਤੇ ਉੱਤਰ ਆਏ ਹਨ, ਉਨ੍ਹਾਂ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵਿਕਾਸ ਦੀ ਰਾਜਨੀਤੀ ਤੋਂ ਕੱੁਝ ਸਿਖਣਾ ਚਾਹੀਦਾ ਹੈ।
ਫੋਟੋ: 03ਬੀਟੀਡੀ1