
ਕੈਨੇਡਾ ਪਹੁੰਚ ਕੋਮਲਪ੍ਰੀਤ ਨੇ ਮਨਵਿੰਦਰ ਨਾ ਗੱਲਬਾਤ ਕਰਨੀ ਕੀਤੀ ਬੰਦ, ਪ੍ਰੇਸ਼ਾਨ ਨੌਜਵਾਨ ਨੇ ਤੋੜਿਆ
ਪਾਤੜਾਂ : ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਦਸ਼ਮੇਸ਼ ਨਗਰ ’ਚ ਰਹਿਣ ਵਾਲੇ ਇਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਉਨ੍ਹਾਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਪਤਨੀ ਵੱਲੋਂ ਵਿਦੇਸ਼ ਪਹੁੰਚ ਕੇ ਧੋਖਾ ਦੇਣ ਕਾਰਨ ਪ੍ਰੇਸ਼ਾਨੀ ਦੇ ਚੱਲਦਿਆਂ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਵਾਸੀ ਪਾਤੜਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਦੱਸਿਆ ਕਿ ਉਸ ਦੇ ਲੜਕੇ ਮਾਨਵਿੰਦਰ ਸਿੰਘ ਦਾ ਰਿਸ਼ਤਾ 2017 ’ਚ ਕੋਮਲਪ੍ਰੀਤ ਕੌਰ ਵਾਸੀ ਰਾਜੇਵਾਲ, ਜ਼ਿਲ੍ਹਾ ਲੁਧਿਆਣਾ ਨਾਲ ਹੋਇਆ ਸੀ। ਉਹ ਬਾਅਦ ’ਚ ਕੈਨੇਡਾ ਚਲੀ ਗਈ, ਜਿਸ ਦਾ ਸਾਰਾ ਖਰਚਾ ਸਾਡੇ ਵੱਲੋਂ ਕੀਤਾ ਗਿਆ ਸੀ।
ਸਾਲ 2019 ’ਚ ਭਾਰਤ ਆ ਕੇ ਕੋਮਲਪ੍ਰੀਤ ਨੇ ਮਨਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਤੇ ਫਿਰ ਵਿਦੇਸ਼ ਚਲੀ ਗਈ ਅਤੇ ਵਾਪਸ ਨਹੀਂ ਆਈ। ਹੁਣ ਕੋਮਲਪ੍ਰੀਤ ਕੌਰ ਨੇ ਮਨਵਿੰਦਰ ਸਿੰਘ ਨਾਲ ਫੋਨ ’ਤੇ ਵੀ ਗੱਲ ਕਰਨੀ ਬੰਦ ਕਰ ਦਿੱਤੀ ਹੈ। ਉਸ ਨੂੰ ਵਿਦੇਸ਼ ਭੇਜਣ ਵਾਸਤੇ ਆਈਲੈਟਸ ਕਰਾਉਣ ਤੋਂ ਲੈ ਕੇ ਕਾਲਜ ਦੀਆਂ ਫੀਸਾਂ ਅਤੇ ਵਿਆਹ ਦਾ ਖਰਚਾ 50 ਲੱਖ ਦੇ ਕਰੀਬ ਸਾਡੇ ਵੱਲੋਂ ਕੀਤਾ ਗਿਆ ਸੀ। ਇਸ ਕਾਰਨ ਮਨਵਿੰਦਰ ਸਿੰਘ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ, ਜਿਸ ਨੂੰ 2 ਦਿਨ ਪਹਿਲਾਂ ਅਸੀਂ ਦਵਾਈ ਦਵਾਉਣ ਲਈ ਗਏ ਸੀ। ਇਸ ਨੂੰ ਹਸਪਤਾਲ ਪਹੁੰਚ ਕੇ ਚੱਕਰ ਆ ਗਿਆ ਅਤੇ ਡਾਕਟਰਾਂ ਵੱਲੋਂ ਚੈੱਕਅਪ ਕਰਨ ਤੋਂ ਬਾਅਦ ਮਨਵਿੰਦਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਜੋ ਕੋਮਲਪ੍ਰੀਤ ਕੌਰ ਵੱਲੋਂ ਖਰਚਾ ਕਰਵਾ ਕੇ ਵਿਦੇਸ਼ ਜਾਣ ਸਬੰਧੀ ਉਸ ਨੂੰ ਨਾਲ ਨਾ ਲਿਜਾਣ ਕਾਰਨ ਹੋਈ ਪ੍ਰੇਸ਼ਾਨੀ ਕਾਰਨ ਉਸ ਦੀ ਮੌਤ ਹੋਈ ਹੈ।
ਪਾਤੜਾਂ ਪੁਲਿਸ ਵੱਲੋਂ ਕਥਿਤ ਆਰੋਪੀ ਕੋਮਲਪ੍ਰੀਤ ਕੌਰ ਪੁੱਤਰੀ ਰਘਵੀਰ ਸਿੰਘ ਅਤੇ ਉਸ ਦੇ ਪਿਤਾ ਰਘਵੀਰ ਸਿੰਘ ਪੁੱਤਰ ਨਛੱਤਰ ਸਿੰਘ ਤੇ ਭਰਾ ਹਰਦੀਪ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਰਾਜੇਵਾਲ ਥਾਣਾ ਖੰਨਾ ਜ਼ਿਲ੍ਹਾ ਲੁਧਿਆਣਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤੀ ਹੈ। ਕਥਿਤ ਆਰੋਪੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।