
ਸਤਲੁਜ ਤੇ ਘੱਗਰ ਕੰਟਰੋਲ ਤੋਂ ਬਾਹਰ ਹੋਣ ਕਾਰਨ ਮਾਲਵੇ ਦੇ ਜ਼ਿਲ੍ਹਿਆਂ ਵਲ ਪਾਣੀ ਵਧਣ ਲੱਗਾ
Punjab Flood News in punjabi: ਲਗਾਤਾਰ ਪੈ ਰਹੇ ਮੀਂਹ ਤੇ ਪਹਾੜਾਂ ’ਚੋਂ ਆ ਰਹੇ ਪਾਣੀ ਨਾਲ ਪੰਜਾਬ ਦੇ ਡੈਮ ਪੂਰੀ ਤਰ੍ਹਾਂ ਭਰ ਚੁੱਕੇ ਹਨ, ਜਿਨ੍ਹਾਂ ਵਿਚ ਵਧੇ ਪਾਣੀ ਨੂੰ ਛੱਡੇ ਜਾਣ ਨਾਲ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਸੁਧਰਨ ਦੀ ਥਾਂ ਹੋਰ ਵਿਗੜ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੀ ਹੋਰ ਗੰਭੀਰ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਕੈਬਨਿਟ ਦੀ ਹੰਗਾਮੀ ਮੀਟਿੰਗ 5 ਸਤੰਬਰ ਨੂੰ ਸੱਦੀ ਹੈ। ਹੁਣ ਤਕ ਹੜ੍ਹਾਂ ਵਿਚ ਮਰਨ ਵਾਲਿਆਂ ਦੀ ਗਿਣਤੀ 37 ਤਕ ਪਹੁੰਚ ਗਈ ਹੈ। ਸਤਲੁਜ ਤੇ ਘੱਗਰ ਦਾ ਪਾਣੀ ਵੀ ਹੁਣ ਕੰਟਰੋਲ ਤੋਂ ਬਾਹਰ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਵਿਚ ਵੀ ਹੜ੍ਹ ਤਬਾਹੀ ਮਚਾਉਣ ਵਲ ਵੱਧ ਰਿਹਾ ਹੈ।
ਘੱਗਰ ਦਾ ਪਾਣੀ ਜਿਥੇ ਜ਼ੀਰਕਪੁਰ ਸ਼ਹਿਰ ਤੇ ਘਨੌਰ ਦੇ ਕਈ ਪਿੰਡਾਂ ਵਿਚ ਦਾਖ਼ਲ ਹੋ ਚੁੱਕਾ ਹੈ ਅਤੇ ਉਥੇ ਭਾਖੜਾ ਤੋਂ ਛੱਡੇ ਜਾ ਰਹੇ ਪਾਣੀ ਨਾਲ ਜ਼ਿਲ੍ਹਾ ਰੋਪੜ ਦੇ ਨੰਗਲ ਵਿਚ ਵੀ ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ। ਉਧਰ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਹੜ੍ਹ ਪ੍ਰਭਾਵਤ ਐਲਾਨ ਦਿਤਾ ਹੈ। ਪੌਂਗ ਡੈਮ ’ਚ ਲੰਘੀ ਰਾਤ ਤੋਂ ਵੱਧ ਤੋਂ ਵੱਧ ਪੌਣੇ ਤਿੰਨ ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ 13 ਫੁਟ ਉਪਰ ਚਲ ਰਿਹਾ ਹੈ। ਰਣਜੀਤ ਸਾਗਰ ਡੈਮ ਵੀ ਖ਼ਤਰੇ ਦੇ ਨਿਸ਼ਾਨ ’ਤੇ ਹੈ ਜਿਸ ਤੋਂ ਬਾਅਦ ਰਾਵੀ ਵਿਚ ਵੀ ਮੁੜ ਪਾਣੀ ਵਧਣ ਨਾਲ ਸਰਹੱਦੀ ਇਲਾਕਿਆਂ ਵਿਚ ਵੀ ਸਥਿਤੀ ਮੁੜ ਵਿਗੜ ਰਹੀ ਹੈ। ਇਸ ਤਰ੍ਹਾਂ ਭਾਖੜਾ ਡੈਮ ’ਚ ਲੰਘੀ ਰਾਤ ਤੋਂ ਵੱਧ ਤੋਂ ਵੱਧ 1.15 ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਖ਼ਤਰੇ ਦੇ ਨਿਸ਼ਾਨ ਤੋਂ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਦੋ ਫੁੱਟ ਹੇਠਾਂ ਰਹਿ ਗਿਆ ਹੈ।
ਰਣਜੀਤ ਸਾਗਰ ਡੈਮ ’ਚ ਵੀ ਪਹਾੜਾਂ ’ਚੋਂ ਪਾਣੀ ਇਕ ਲੱਖ ਕਿਊਸਿਕ ਤੋਂ ਜ਼ਿਆਦਾ ਆਉਣ ਲੱਗਾ ਹੈ। ਵੱਡਾ ਖ਼ਤਰਾ ਹੁਣ ਘੱਗਰ ਬਣ ਗਿਆ ਹੈ। ਘੱਗਰ ਦੇ ਤਿੰਨ ਪ੍ਰਮੁੱਖ ਪੁਆਇੰਟਾਂ ’ਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ। ਘੱਗਰ ’ਚ ਇਕਦਮ 35,208 ਕਿਊਸਿਕ ਪਾਣੀ ਹੋਰ ਆਇਆ ਹੈ। ਸਰਦੂਲਗੜ੍ਹ ਕੋਲ ਘੱਗਰ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ’ਤੇ ਪੁੱਜ ਗਿਆ ਹੈ ਜਦੋਂ ਕਿ ਚਾਂਦਪੁਰਾ ਕੋਲ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਇਸੇ ਤਰ੍ਹਾਂ ਖਨੌਰੀ ਕੋਲ ਘੱਗਰ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਾ ਹੈ। ਘੱਗਰ ’ਚ ਆਏ ਉਛਾਲ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ ਜਾਰੀ ਕੀਤਾ ਗਿਆ ਹੈ। ਪਹਾੜਾਂ ’ਚੋਂ ਅਣਕਿਆਸੇ ਪਾਣੀ ਦੇ ਆਉਣ ਕਰ ਕੇ ਡੈਮਾਂ ’ਚੋਂ ਕਿਸੇ ਵੇਲੇ ਵੀ ਪਾਣੀ ਛੱਡਣ ਦੀ ਮਾਤਰਾ ’ਚ ਵਾਧਾ ਹੋ ਸਕਦਾ ਹੈ। ਘੱਗਰ ਦੇ ਨੇੜੇ ਪੈਂਦੇ ਸੈਂਕੜੇ ਪਿੰਡਾਂ ’ਤੇ ਹੁਣ ਮੁਸੀਬਤ ਆ ਪਈ ਹੈ। ਹਰੀਕੇ ਹੈੱਡ ਵਰਕਸ ਵਿਚ ਵੀ ਪਾਣੀ ਵੱਧ ਰਿਹਾ ਹੈ।
ਚੰਡੀਗੜ੍ਹ ਤੋਂ ਗੁਰਉਪਦੇਸ਼ ਭੁੱਲਰ ਦੀ ਰਿਪੋਰਟ
(For more news apart from “ Punjab Flood News in punjabi , ” stay tuned to Rozana Spokesman.)