
ਬਾਦਲ ਸਰਕਾਰ ਮੌਕੇ ਕਿਵੇਂ ਪੁਲਿਸ ਅਧਿਕਾਰੀਆਂ ਨੇ ਅਸਲ ਸਬੂਤ ਮਿਟਾਏ ਤੇ ਨਵੇਂ ਘੜੇ?
ਮ੍ਰਿਤਕ ਨੌਜਵਾਨਾਂ ਦੇ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਨਾਲ ਵੀ ਕੀਤੀ ਗਈ ਛੇੜਛਾੜ
ਕੋਟਕਪੂਰਾ, 3 ਅਕਤੂਬਰ (ਗੁਰਿੰਦਰ ਸਿੰਘ) : ਬਾਦਲ ਸਰਕਾਰ ਮੌਕੇ 12 ਅਕਤੂਬਰ 2015 ਨੂੰ ਵਾਪਰੇ ਬੇਅਦਬੀ ਕਾਂਡ ਅਤੇ ਉਸ ਤੋਂ ਦੋ ਦਿਨ ਬਾਅਦ ਅਰਥਾਤ 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੀਆਂ ਖ਼ਬਰਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐਸ.ਆਈ.ਟੀ. ਦੀਆਂ ਜਾਂਚ ਰੀਪੋਰਟਾਂ ਮੁਤਾਬਕ ਜਿਸ ਤਰ੍ਹਾਂ ਛਣ-ਛਣ ਕੇ ਬਾਹਰ ਆ ਰਹੀਆਂ ਹਨ, ਉਸ ਤੋਂ ਪੀੜਤ ਪ੍ਰਵਾਰਾਂ ਦੇ ਜ਼ਖ਼ਮ ਤਾਂ ਹਰੇ ਹੋਣੇ ਸੁਭਾਵਕ ਹੀ ਹਨ, ਬਲਕਿ ਬਾਦਲ ਸਰਕਾਰ ਵਲੋਂ ਪੁਲਿਸ ਨੂੰ ਸਿੱਖਾਂ ਵਿਰੁਧ ਤਸ਼ੱਦਦ ਕਰਨ, ਕਹਾਣੀ ਨੂੰ ਅਪਣੇ ਅਨੁਸਾਰ ਢਾਲਣ, ਅਸਲ ਸਬੂਤ ਮਿਟਾਉਣ, ਨਵੇਂ ਸਬੂਤ ਘੜਣ, ਗਵਾਹਾਂ ਨੂੰ ਡਰਾਉਣ ਧਮਕਾਉਣ ਦੀ ਦਿਤੀ ਖੁਲ੍ਹ ਵਰਗੀਆਂ ਗੱਲਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਾਦਲ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਨੇ ਚੰਮ ਦੀਆਂ ਚਲਾਈਆਂ ਹੋਣ ਤੇ ਉਨ੍ਹਾਂ ਨੂੰ ਸਰਕਾਰ ਜਾਂ ਕਾਨੂੰਨ ਦਾ ਡਰ ਕੋਈ ਨਾ ਰਿਹਾ ਹੋਵੇ।
ਜਦ 14 ਅਕਤੂਬਰ ਨੂੰ ਗੋਲੀ ਚਲਣ ਦੀ ਘਟਨਾ ਵਾਪਰੀ ਤਾਂ ਦੋ ਸਿੱਖ ਨੌਜਵਾਨਾਂ ਦੇ ਮਾਰੇ ਜਾਣ ਅਤੇ ਅਨੇਕਾਂ ਦੇ ਜ਼ਖ਼ਮੀ ਹੋ ਜਾਣ ਦੇ ਬਾਵਜੂਦ ਥਾਣਾ ਬਾਜਾਖ਼ਾਨਾ ਦੇ ਐਸਐਚਓ ਅਮਰਜੀਤ ਸਿੰਘ ਕੁਲਾਰ ਨੇ ਗ਼ਲਤ ਤੱਥਾਂ ਦੇ ਆਧਾਰ 'ਤੇ ਸੱਚ ਨੂੰ ਛੁਪਾਉਣ ਲਈ ਧਰਨਾਕਾਰੀਆਂ ਉਪਰ ਹੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿਤਾ। ਅਪਣੇ ਬਿਆਨਾਂ 'ਚ ਸਬੰਧਤ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪਹਿਲਾਂ ਧਰਨਾਕਾਰੀਆਂ ਵਲੋਂ ਗੋਲੀ ਚਲੀ ਜੋ ਐਸ.ਐਸ.ਪੀ. ਮੋਗਾ ਦੀ ਉਥੇ ਖੜੀ ਐਸਕਾਰਟ ਜਿਪਸੀ 'ਤੇ ਲੱਗੀ। ਜਦ ਐਸ.ਆਈ.ਟੀ. ਨੇ ਐਸਕਾਰਟ ਜਿਪਸੀ 'ਤੇ ਲੱਗੀਆਂ ਗੋਲੀਆਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਐਸ.ਪੀ. ਬਿਕਰਮਜੀਤ ਸਿੰਘ ਨੇ ਖ਼ੁਦ ਉਕਤ ਜਿਪਸੀ 'ਤੇ ਇਕ ਵਕੀਲ ਦੇ ਘਰ ਫ਼ਰੀਦਕੋਟ ਵਿਖੇ ਲਿਜਾ ਕੇ 12 ਬੋਰ ਦੀ ਪ੍ਰਾਈਵੇਟ ਬੰਦੂਕ ਨਾਲ ਗੋਲੀਆਂ ਮਾਰੀਆਂ। ਖ਼ੁਦ ਸਰਕਾਰੀ ਵਾਹਨਾਂ ਦਾ ਨੁਕਸਾਨ ਕਰ ਕੇ ਨਿਰਦੋਸ਼ ਸੰਗਤਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼, ਪੋਸਟਮਾਰਟਮ ਦੌਰਾਨ ਮ੍ਰਿਤਕ ਸਿੱਖ ਨੌਜਵਾਨਾਂ ਦੇ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਨਾਲ ਛੇੜਛਾੜ ਵਰਗੀਆਂ ਹੈਰਾਨੀਜਨਕ ਗੱਲਾਂ ਸਾਹਮਣੇ ਆਉਣ ਨਾਲ ਰਾਜਨੀਤਕ, ਸਮਾਜਕ, ਧਾਰਮਕ ਤੇ ਖ਼ਾਸ ਕਰ ਪੰਥਕ ਹਲਕਿਆਂ 'ਚ ਇਸ ਗੱਲ ਦੀ ਚਰਚਾ ਛਿੜਣੀ ਸੁਭਾਵਕimage ਹੈ ਕਿ ਗ੍ਰਹਿ ਵਿਭਾਗ ਦਾ ਮਹਿਕਮਾ ਵੀ ਬਾਦਲ ਪਿਉ-ਪੁੱਤ ਕੋਲ ਹੋਣ ਦੇ ਬਾਵਜੂਦ ਵੀ ਪੁਲਿਸ ਅਧਿਕਾਰੀਆਂ ਨੂੰ ਐਨੀ ਖੁਲ੍ਹ ਕਿਸ ਆਧਾਰ 'ਤੇ ਦਿਤੀ ਗਈ ਕਿ ਉਹ ਅਸਲ ਸਬੂਤ ਮਿਟਾ ਕੇ ਮਰਜ਼ੀ ਦੇ ਨਵੇਂ ਸਬੂਤ ਘੜਣ ਲਈ ਆਜ਼ਾਦ ਹੋਣ?