
ਪੰਜਾਬ ਹਮੇਸ਼ਾ ਹੀ ਦਿੱਲੀ ਦੀਆਂ ਅੱਖਾਂ ਵਿਚ ਰੜਕਦਾ ਰਿਹੈ : ਹਰਿੰਦਰ ਚਹਿਲ
ਕਿਸਾਨ ਅਪਣੇ ਸੰਘਰਸ਼ ਦਾ ਸਿਆਸੀਕਰਨ ਨਾ ਹੋਣ ਦੇਣ
ਪਟਿਆਲਾ, 3 ਅਕਤੂਬਰ (ਤੇਜਿੰਦਰ ਫ਼ਤਿਹਪੁਰ) : ਪੰਜਾਬ ਦੇ ਸਾਬਕਾ ਡੀ.ਆਈ.ਜੀ. ਅਤੇ ਸਮਾਜ ਸੇਵੀ ਹਰਿੰਦਰ ਸਿੰਘ ਚਹਿਲ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਬਿਲਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਸਿੱਧਾ ਕਿਸਾਨੀ 'ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ 1947 ਨੂੰ ਜਦੋਂ ਦੇਸ਼ ਦੀ ਵੰਡ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤਕ ਪੰਜਾਬ ਦਿੱਲੀ ਦੀਆਂ ਅੱਖਾਂ 'ਚ ਰੜਕ ਰਿਹਾ ਹੈ। ਇਸੇ ਕਰ ਕੇ ਕੇਂਦਰ ਵਲੋਂ ਆਨੇ ਬਹਾਨੇ ਪੰਜਾਬ ਦਾ ਜਾਣ ਬੁਝ ਕੇ ਮਾਹੌਲ ਖ਼ਰਾਬ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮੰਦੀ ਦੀ ਮਾਰ ਕਾਰਨ ਖ਼ੁਦਕਸ਼ੀਆਂ ਦੇ ਰਾਹ 'ਤੇ ਤੁਰਿਆ ਹੋਇਆ ਹੈ ਅਤੇ ਅਜਿਹੇ ਵਿਚ ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ ਬਿਲ ਪਾਸ ਕੀਤੇ ਗਏ ਹਨ, ਜਿਸ ਨਾਲ ਕਿਸਾਨਾਂ ਦਾ ਲੱਕ ਟੁੱਟ ਜਾਵੇਗਾ। ਸ. ਚਹਿਲ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਪੂਰੀ ਤਰ੍ਹਾਂ ਸੁਚੇਤ ਰਹਿਣ ਤਾਂ ਜੋ ਉਨ੍ਹਾਂ ਦੇ ਸੰਘਰਸ਼ ਵਿਚ ਕੁੱਝ ਸ਼ਰਾਰਤੀ ਜਾਂ ਹਿੰਸਕ ਲੋਕ ਸ਼ਾਮਲ ਹੋ ਕੇ ਇਸ ਸੰਘਰਸ਼ ਨੂੰ ਗ਼ਲਤ ਦਿਸ਼ਾ ਵਲ ਨਾ ਧੱਕ ਦੇਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪਣੇ ਸੰਘਰਸ਼ ਦਾ ਸਿਆਸੀਕਰਨ ਹੋਣ ਤੋਂ ਬਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਇਨ੍ਹਾਂ ਕਿਸਾਨ ਮਾਰੂ ਬਿਲਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤਕ ਕਿਸਾਨਾਂ ਨੂੰ ਅਪਣਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਦਿੱਲੀ ਤੋਂ ਪੰਜਾਬ ਨੂੰ ਰੇਲਵੇ ਲਾਈਨ ਆ ਰਹੀ ਹੈ, ਉਸ ਨੂੰ ਕਿਸਾਨਾਂ ਵਲੋਂ ਮੁਕੰਮਲ ਬੰਦ ਕਰ ਕੇ ਧਰਨਾ ਦੇਣਾ ਚਾਹੀਦਾ ਹੈ।
ਸ. ਹਰਿੰਦਰ ਚਹਿਲ ਨੇ ਕਿਹਾ ਕਿ ਪੰਜਾਬ ਵਿਚ ਜੋ 31 ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਮਾਰੂ ਫ਼ੈਸਲੇ ਖੇਤੀ ਕਾਨੂੰਨ ਵਿਰੁਧ ਰੇਲ ਰੋਕੂ ਤੇ ਚੱਕਾ ਜਾਮ ਦਾ ਅੰਦੋਲਨ ਵਿੱਢਿਆ ਗਿਆ ਸੀ, ਉਸ ਨੂੰ ਇਸੇ ਤਰ੍ਹਾਂ ਹੀ ਜਾਰੀ ਰਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਦੇ ਧਰਨਿਆਂ ਦੀ ਗੂੰਝ ਦਿੱਲੀ ਤਕ ਪਹੁੰਚੇ ਤੇ ਕੇਂਦਰ ਸਰਕਾਰ ਨੂੰ ਇਸ ਕਿਸਾਨ ਮਾਰੂ ਬਿਲਾਂ ਨੂੰ ਰੱਦ ਕਰਨ ਲਈ ਮਜ਼ਬੂਰ ਹੋਣਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਅੰਦੋਲਨ ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਬਾਕੀ ਪੂਰੇ ਭਾਰਤ ਨਾਲੋਂ ਪੂਰੀ ਤਰ੍ਹਾਂ ਨਾਲ ਕੱਟੇ ਗਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਹਮਾਇਤ ਕਰਨ ਵਾਲੇ ਤੇ ਇਸ ਕਾਨੂੰਨ ਦਾ ਪੱਖ ਪੂਰਨ ਵਾਲੇ ਸਾਰੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਵੀ ਧਰਨੇ ਪ੍ਰਦਰਸ਼ਨ ਜਾਰੀ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਦੇਸ਼ ਲਈ ਹਰ ਕੁਰਬਾਨੀਆਂ ਦੇਣ ਲਈ ਪੰਜਾਬ ਮੋਹਰੀ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਕਿਉਂ ਪੰਜਾਬ ਦੇ ਨਾਲ ਕੇਂਦਰ ਵਲੋਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ।image