
ਕਿਸਾਨਾਂ ਦੇ ਤੀਜੇ ਦਿਨ ਵੀ ਧਰਨੇ ਜਾਰੀ
ਚੰਡੀਗੜ੍ਹ, 3 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿਲਾਂ ਦੇ ਵਿਰੋਧ 'ਚ ਅੱਜ ਤੀਜੇ ਦਿਨ ਵੀ ਵੱਡੀ ਗਿਣਤੀ ਵਿਚ ਕਿਸਾਨ ਰੇਲਵੇ ਸਟੇਸ਼ਨਾਂ ਨਜ਼ਦੀਕ ਲਾਈਨਾਂ 'ਤੇ ਡਟੇ ਰਹੇ। ਧਰਨੇ ਦੇ ਦਿਨ ਬੀਤਣ ਦੇ ਬਾਵਜੂਦ ਕਿਸਾਨਾਂ ਵਿਚ ਇਨ੍ਹਾਂ ਬਿਲਾਂ ਪ੍ਰਤੀ ਰੋਸ ਵਧਦਾ ਹੀ ਜਾ ਰਿਹਾ। ਉਂਜ ਰੇਲਵੇ ਦੁਆਰਾ ਪਹਿਲਾਂ ਹੀ ਕਿਸਾਨਾਂ ਦੇ ਪ੍ਰੋਗਰਾਮਾਂ ਨੂੰ ਦੇਖਦਿਆਂ ਰੇਲ ਗੱਡੀਆਂ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਹੋਇਆ ਹੈ। 31 ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਕਿਸਾਨਾਂ ਨੇ ਖੇਤੀ ਬਿਲਾਂ ਨੂੰ ਵਾਪਸ ਲਏ ਜਾਣ ਤਕ ਸੰਘਰਸ਼ 'ਤੇ ਡਟੇ ਰਹਿਣ ਦਾ ਫ਼ੈਸਲਾ ਲਿਆ ਹੋਇਆ ਹੈ, ਜਿਸਦੇ ਚਲਦੇ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਦਾ ਸੰਘਰਸ਼ ਹੋਰ ਤਿੱਖਾ ਰੂਪ ਧਾਰਨ ਕਰਨ ਦੀ ਸੰਭਾਵਨਾ ਹੈ। ਅੱਜ ਵੀ ਥਾਂ-ਥਾਂ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ।
ਫ਼ਰੀਦਕੋਟ (ਸਟਾਫ ਰਿਪੋਰਟਰ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਮਾਰੂ ਕਾਨੂੰਨਾਂ ਦਾ ਵਿਰੋਧ ਅਰਥਾਤ ਕਿਸਾਨ ਜਥੇਬੰਦੀਆਂ ਦਾ ਰੋਹ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ, ਉਨ੍ਹਾਂ ਦੇ ਰੋਹ ਨੂੰ ਸ਼ਾਂਤ ਕਰਨ ਦੀ ਬਜਾਇ ਕੇਂਦਰ ਸਰਕਾਰ ਚੁੱਪੀ ਧਾਰੀ ਬੈਠੀ ਹੈ, 25 ਸਤੰਬਰ ਦੇ ਧਰਨੇ ਤੋਂ ਬਾਅਦ 1 ਅਕਤੂਬਰ ਨੂੰ 'ਰੇਲ ਰੋਕੋ ਅੰਦੋਲਨ' ਤਹਿਤ ਫ਼ਰੀਦਕੋਟ-ਤਲਵੰਡੀ ਰੇਲਵੇ ਟਰੈਕ 'ਤੇ 31 ਭਰਾਤਰੀ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਲਾਉਣ ਤੋਂ ਬਾਅਦ ਫ਼ਰੀਦਕੋਟ ਰੇਲਵੇ ਸਟੇਸ਼ਨ 'ਤੇ ਰੇਲਵੇ ਪੱਟੜੀਆਂ ਉਪਰ ਪੱਕਾ ਟੈਂਟ ਲਾ ਕੇ ਮੋਦੀ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਕੀਤੀ ਗਈ। ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਖਤੋਰ ਸਿੰੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੁਰਜੀਤ ਸਿੰਘ ਹਰੀਏਵਾਲਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਮਾਸਟਰ ਸੂਰਜ ਭਾਣ, ਕਿਰਤੀ ਕਿਸਾਨ ਯੂਨੀਅਨ ਦੇ ਕੇਸ਼ਵ ਅਜ਼ਾਦ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਗੁਰਮੀਤ ਸਿੰਘ ਗੋਲੇਵਾਲਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀ ਤਹਿਤ ਕਾਨੂੰਨ ਬਣਾ ਕੇ ਕਿਸਾਨਾ ਦੇ ਥੋਪਣਾ ਚਾਹੁੰਦੀ ਹੈ, ਜਿਸਨੂੰ ਕਿਸਾਨ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿਤਾ ਗਿਆ ਹੈ ਜਦ ਤਕ ਆਰਡੀਨੈਂਸ ਰੱਦ ਨਹੀਂ ਹੋ ਜਾਂਦਾ ਤਦ ਤਕ ਕਿਸਾਨ ਰੇਲਵੇ ਪੱਟੜੀ 'ਤੇ ਡਟੇ ਰਹਿਣਗੇ।
ਗਿੱਦੜਬਾਹਾ (ਗੋਬਿੰਦ ਗੁਪਤਾ) : ਪੰਜਾਬ ਦੀਆਂ 31 ਸੰਘਰਸ਼ਸੀਲ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ
ਤਿੰਨ ਨਵੇਂ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ, ਬਿਜਲੀ ਬਿਲ 2020 ਨੂੰ ਰੱਦ ਕਰਵਾਉਣ ਅਤੇ ਕਰਜ਼ਾ ਮੁਕਤੀ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਮਾਨਸਾ), ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਤੇ ਹੋਰ ਕਿਸਾਨ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਫ਼ਰਕਸਰ ਨੇੜੇ ਪਿੰਡੀ ਸਾਹਿਬ ਫ਼ਾਟਕ ਕੋਲ ਰੇਲਵੇਂ ਲਾਈਨਾਂ 'ਤੇ ਲਗਾਇਆ ਗਿਆ ਧਰਨਾ ਬਾਦਸਤੂਰ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਸਪਾਲ ਸਿੰਘ, ਗੋਰਾ ਸਿੰਘ ਖਾਲਸਾ, ਗਗਨਦੀਪ ਸਿੰਘ ਕਬਰਵਾਲਾ, ਲਖਵੀਰ ਸਿੰਘ ਲੱਖਾ ਕੋਟਭਾਈ, ਬਲਕਾਰ ਸਿੰਘ ਗੁਰੂਸਰ, ਪ੍ਰਕਾਸ਼ ਸਿੰਘ ਭਾਈਕੇਰਾ ਆਦਿ ਨੇ ਕਿਹਾ ਕਿ ਦੇਸ਼ ਦਾ ਕਿਸਾਨ ਅੱਜ ਸਰਮਾਏਦਾਰ ਕਾਰਪੋਰੇਟ ਘਰਾਣਿਆਂ ਤੇ ਉਨ੍ਹÎਾਂ ਦੀ ਦਲਾਲ ਕੇਂਦਰ ਦੀ ਭਾਜਪਾ ਸਰਕਾਰ ਵਿਰੁਧ ਆਰ-ਪਾਰ ਦੀ ਲੜਾਈ ਲੜ ਰਿਹਾ ਹੈ।
ਕੈਪਸ਼ਨ - ਫਕਰਸਰ ਸਥਿਤ ਰੇਲਵੇ ਟਰੈਕ ਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਕਿਸਾਨ।
ਫੋਟੋ ਫਾਇਲ : 03 - 09image