
ਜਿਸ ਨੂੰ ਸਾੜਿਆ ਗਿਆ ਉਹ ਸਾਡੀ ਧੀ ਨਹੀਂ ਸੀ : ਮਾਪਿਆਂ ਦਾ ਦਾਅਵਾ
ਪੀੜਤਾ ਦੀ ਮਾਂ ਨੇ ਕਿਹਾ, ਐਸ.ਆਈ.ਟੀ ਅਤੇ ਸੀ.ਬੀ.ਆਈ 'ਤੇ ਨਹੀਂ ਭਰੋਸਾ, ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਈ ਜਾਵੇ
ਲਖ਼ਨਉ, 3 ਅਕਤੂਬਰ : ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਬਲਾਤਕਾਰ ਪੀੜਤ ਲੜਕੀ ਦੇ ਪਰਵਾਰ ਨੇ ਅੱਜ ਵਿਸ਼ੇਸ਼ ਜਾਂਚ ਟੀਮ (ਐਸਆਈਟੀ) 'ਤੇ ਮੁਲਜ਼ਮਾਂ ਨਾਲ ਮਿਲੇ ਹੋਣ ਦਾ ਦੋਸ਼ ਲਗਾਇਆ ਅਤੇ ਕੇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਨ ਦੀ ਮੰਗ ਕੀਤੀ।
ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਉਸ ਦੀ (ਲੜਕੀ) ਮੌਤ ਤੋਂ ਬਾਅਦ ਪੁਲਿਸ ਨੇ ਲਾਸ਼ ਉਨ੍ਹਾਂ ਨੂੰ ਨਹੀਂ ਦਿਤੀ। ਪੀੜਤਾ ਦੀ ਮਾਂ ਨੇ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਪਰਵਾਰ ਨੂੰ ਐਸਆਈਟੀ ਜਾਂ ਸੀਬੀਆਈ 'ਤੇ ਭਰੋਸਾ ਨਹੀਂ ਹੈ। 'ਇਨ੍ਹਾਂ ਲੋਕਾਂ ਨੇ ਭੀਖ ਮੰਗਣ ਦੇ ਬਾਵਜੂਦ ਵੀ ਮੈਨੂੰ ਮੇਰੀ ਲੜਕੀ ਦੀ ਲਾਸ਼ ਨਹੀਂ ਵੇਖਣ ਦਿਤੀ। ਅਸੀਂ ਸੀਬੀਆਈ ਜਾਂਚ ਵੀ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੇ ਅਧੀਨ ਹੋਵੇ। ਪੀੜਤਾ ਦੀ ਮਾਂ ਨੇ ਕਿਹਾ ਕਿ ਅਸੀਂ ਨਾਰਕੋ ਟੈਸਟ ਕਿਉਂ ਕਰਵਾਈਏ, ਅਸੀਂ ਅਪਣੇ ਬਿਆਨ ਕਦੇ ਨਹੀਂ ਬਦਲੇ।
ਬੀਤੇ ਦੋ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਵਲੋਂ ਮੀਡੀਆ ਨੂੰ ਪੀੜਤਾ ਤੇ ਪਿੰਡ 'ਚ ਦਾਖ਼ਲ ਹੋਣ ਤੋਂ ਰੋਕਿਆ ਜਾ ਰਿਹਾ ਸੀ। ਪਰ ਅੱਜ ਸਵੇਰੇ ਮੀਡੀਆ ਨੂੰ ਹਾਥਰਸ ਪ੍ਰਸ਼ਾਸਨ ਵਲੋਂ ਪਿੰਡ 'ਚ ਦਾਖ਼ਲ ਹੋਣ ਦੀ ਇਜ਼ਾਜਤ ਦੇ ਦਿਤੀ ਗਈ।
ਜ਼ਿਕਰਯੋਗ ਹੈ ਕਿ ਮੀਡੀਆ ਦੀਆਂ ਗੱਡੀਆਂ ਪਿੰਡ ਤੋਂ ਇਕ ਕਿਲੋਮੀਟਰ ਤੋਂ ਵਧੇਰੇ ਦੂਰੀ ਤੇ ਰੋਕ ਦਿਤੀਆਂ ਗਈਆਂ, ਮੀਡੀਆ ਨੂੰ ਪੀੜਤਾ ਦੇ ਪਿੰਡ ਤਕ ਪੈਦਲ ਚਲ ਕੇ ਆਉਣਾ ਪਿਆ। (ਪੀ.ਟੀ.ਆਈ)
imageਹਾਥਰਸ ਦੀ ਪੀੜਤਾ ਦੇ ਪ੍ਰਵਾਰ ਦੇ ਲੋਕ ਮੀਡੀਆ ਸਾਹਮਣੇ ਅਪਣਾ ਦੁੱਖ ਜ਼ਾਹਰ ਕਰਦੇ ਹੋਏ।