
ਪ੍ਰਧਾਨ ਮੰਤਰੀ ਨੇ ਕੀਤਾ 9.2 ਕਿਲੋਮੀਟਰ ਲੰਮੀ 'ਅਟਲ ਟਨਲ' ਦਾ ਉਦਘਾਟਨ
ਅਟਲ ਬਿਹਾਰੀ ਵਾਜਪਾਈ ਨੇ ਸਾਲ 2002 'ਚ ਰਖਿਆ ਸੀ ਸੁਰੰਗ ਦਾ ਨੀਂਹ ਪੱਥਰ
ਮਨਾਲੀ, 3 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 9.02 ਕਿਲੋਮੀਟਰ ਲੰਮੀ ਤੇ ਸਮੁੰਦਰੀ ਤਲ ਤੋਂ 3,000 ਮੀਟਰ ਉੱਚੀ, ਮਨਾਲੀ ਨੂੰ ਲਾਹੌਲ–ਸਪਿਤੀ ਵਾਦੀ ਨਾਲ ਜੋੜਨ ਵਾਲੀ 'ਅਟੱਲ ਟਨਲ' ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਪਹਿਲਾਂ ਇਹ ਵਾਦੀ ਹਰ ਸਾਲ ਭਾਰੀ ਬਰਫ਼ਬਾਰੀ ਕਾਰਨ ਲਗਭਗ 6 ਮਹੀਨਿਆਂ ਤਕ ਬਾਕੀ ਦੇਸ਼ ਤੋਂ ਕੱਟੀ ਰਹਿੰਦੀ ਸੀ। ਇਸ ਸੁਰੰਗ ਦਾ ਨੀਂਹ ਪੱਥਰ ਅਟਲ ਬਿਹਾਰੀ ਵਾਜਪਾਈ ਨੇ ਸਾਲ 2002 ਵਿਚ ਰੱਖਿਆ ਸੀ।
ਇਸ ਦੌਰਾਨ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਅੱਜ ਦੇ ਦਿਹਾੜੇ ਨੂੰ ਇਤਿਹਾਸਕ ਕਰਾਰ ਦਿਤਾ ਕਿਉਂਕਿ ਇਸ ਨਾਲ ਨਾ ਕੇਵਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਦੂਰ–ਦ੍ਰਿਸ਼ਟੀ ਨੂੰ ਬੂਰ ਪਿਆ ਹੈ, ਸਗੋਂ ਇਸ ਇਲਾਕੇ ਦੇ ਕਰੋੜਾਂ ਲੋਕਾਂ ਦਾ ਸੁਪਨਾ
ਵੀ ਸਾਕਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਸਬੰਧਤ ਹਿੱਸੇ ਅਤੇ ਲੇਹ–ਲੱਦਾਖ਼ ਹੁਣ ਸਦਾ ਲਈ ਬਾਕੀ ਦੇਸ਼ ਨਾਲ ਜੁੜੇ ਰਹਿਣਗ, ਜਿਸ ਨਾਲ ਆਰਥਕ ਪ੍ਰਗਤੀ ਦੀ ਰਫ਼ਤਾਰ ਤੇਜ਼ ਹੋਵੇਗੀ। ਕਿਸਾਨਾਂ, ਬਾਗ਼ਬਾਨੀ ਮਾਹਿਰਾਂ ਤੇ ਨੌਜਵਾਨਾਂ ਲਈ ਹੁਣ ਰਾਜਧਾਨੀ ਦਿੱਲੀ ਤੇ ਹੋਰ ਬਾਜ਼ਾਰਾਂ ਤਕ ਪਹੁੰਚ ਆਸਾਨ ਹੋ ਜਾਵੇਗੀ। ਸਰਹੱਦੀ ਇਲਾਕਿਆਂ ਵਿਚ ਅਜਿਹੇ ਕੁਨੈਕਟੀਵਿਟੀ ਪ੍ਰੋਜੈਕਟਾਂ ਨਾਲ ਸੁਰੱਖਿਆਂ ਬਲਾਂ ਨੂੰ ਵੀ ਨਿਯਮਤ ਸਪਲਾਈਜ਼ ਯਕੀਨੀ ਹੋ ਸਕਣਗੀਆਂ ਤੇ ਉਨ੍ਹਾਂ ਨੂੰ ਗਸ਼ਤ ਕਰਨ ਵਿੱਚ ਵੀ ਆਸਾਨੀ ਹੋਵੇਗੀ।
ਇਹ ਸੁਰੰਗ ਹਿਮਾਲਾ ਪਰਬਤ ਦੇ ਪੀਰ ਪੰਜਾਲ ਪਹਾੜਾਂ ਉਤੇ ਅਤਿ–ਆਧੁਨਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ। ਇਸ ਸੁਰੰਗ ਦੇ ਬਣਨ ਨਾਲ ਮਨਾਲੀ ਤੋਂ ਲੇਹ ਤਕ 46 ਕਿਲੋਮੀਟਰ ਦੀ ਦੂਰੀ ਘਟ ਗਈ ਹੈ, ਜਿਸ ਨੂੰ ਪਾਰ ਕਰਨ ਵਿਚ ਲਗਭਗ 4 ਤੋਂ 5 ਘੰਟੇ ਲਗ ਜਾਂਦੇ ਸਨ। ਇਸ ਸੁਰੰਗ ਵਿਚ ਸੈਮੀ ਟ੍ਰਾਂਸਵਰਸ ਹਵਾਦਾਰੀ, ਅਗਨੀ–ਸ਼ਮਨ, ਰੌਸ਼ਨੀ ਤੇ ਨਿਗਰਾਨੀ ਪ੍ਰਣਾਲੀਆਂ, ਐਮਰਜੈਂਸੀ ਦੌਰਾਨ ਬਾਹਰ ਨਿਕਲਣ ਵਾਲਾ ਰਾਹ) ਸਮੇਤ ਅਤਿ–ਆਧੁਨਕ ਇਲੈਕਟ੍ਰੋਮਕੈਨੀਕਲ ਸਿਸਟਮਜ਼ ਲਗੇ ਹੋਏ ਹਨ। ਇਸ ਸੁਰੰਗ ਵਿਚ ਬਹੁਤ ਸਾਰੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਫ਼ਿੱਟ ਹਨ।
ਪ੍ਰਧਾਨ ਮੰਤਰੀ ਨੇ ਇੰਜੀਨੀਅਰਾਂ, ਤਕਨੀਸ਼ੀਅਨਾਂ ਤੇ ਕਾਮਿਆਂ ਦੇ ਜਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਅਪਣੀਆਂ ਜਾਨਾਂ ਦਾਅ 'ਤੇ ਲਾਈਆਂ। ਉਨ੍ਹਾਂ ਕਿਹਾ ਕਿ ਅਟਲ ਜੀ ਦੀ ਸਰਕਾਰ ਤੋਂ ਬਾਅਦ ਇਸ ਕੰਮ ਨੂੰ ਇੰਨਾ ਅੱਖੋਂ ਪ੍ਰੋਖੇ ਕਰ ਕੇ ਰੱਖਿਆ ਗਿਆ ਕਿ ਸਾਲ 2013–14 ਤਕ ਸੁਰੰਗ ਦਾ ਸਿਰਫ਼ 1,300 ਮੀਟਰ ਭਾਵ 1.5 ਕਿਲੋਮੀਟਰ ਤੋਂ ਵੀ ਘੱਟ ਹਿੱਸਾ ਤਿਆਰ ਹੋ ਸਕਿਆ ਸੀ ਭਾਵ ਹਰ ਸਾਲ ਸਿਰਫ਼ 300 ਮੀਟਰ ਦੇ ਕਰੀਬ ਸੁਰੰਗ ਹੀ ਤਿਆਰ ਕੀਤੀ ਗਈ ਸੀ। ਇਸ ਰਫ਼ਤਾਰ ਨਾਲ ਤਾਂ ਇਹ ਸੁਰੰਗ 2040 'ਚ ਕਿਤੇ ਜਾ ਕੇ ਮੁਕੰਮਲ ਹੋ ਸਕਦੀ, ਮੁਕੰਮਲ ਹੋਣ ਵਿਚ ਦੇਰੀ ਨਾਲ ਵਿੱਤੀ ਨੁਕਸਾਨ ਹੁੰਦੇ ਹਨ ਅਤੇ ਆਮ ਜਨਤਾ ਆਰਥਕ ਤੇ ਸਮਾਜਕ ਫ਼ਾਇਦਿਆਂ ਤੋਂ ਵਾਂਝੀ ਰਹਿ ਜਾਂਦੀ ਹੈ। ਅਨੁਮਾਨਤ 900 ਕਰੋੜ ਰੁਪਏ ਦੀ ਲਾਗਤ ਵਾਲੀ ਇਹ ਸੁਰੰਗ ਨਿਰੰਤਰ ਦੇਰੀਆਂ ਕਾਰਣ 3,200 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ ਹੈ। (ਏਜੰਸੀ)
ਦੇਸ਼ ਨਾਲ ਜੁੜੇ ਰਹਿਣ ਦੇ ਇਕ ਹੋਰ ਕਦਮ ਨੇੜੇ ਆਇਆ ਲੱਦਾਖ਼ : ਮਾਥੁਰ
ਲੇਹ, 3 ਅਕਤੂਬਰ : ਲੱਦਾਖ਼ ਦੇ ਉਪ ਰਾਜਪਾਲ ਆਰ. ਕੇ. ਮਾਥੁਰ ਨੇ ਅੱਜ ਕਿ ਅੱਜ 'ਅਟਲ ਸੁਰੰਗ' ਦੇ ਉਦਘਾਟਨ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਲੱਦਾਖ਼, ਦੇਸ਼ ਦੇ ਸਾਰੇ ਹਿੱਸਿਆਂ ਨਾਲ ਜੁੜੇ ਰਹਿਣ ਦੇ ਇਕ ਹੋਰ ਕਦਮ ਨੇੜੇ ਆ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਪਲ ਪੂਰੇ ਦੇਸ਼ ਲਈ ਅਹਿਮ ਹੈ, ਕਿਉਂਕਿ ਇਸ ਨੇ ਇਕ ਵੱਡੀ ਦੂਰੀ ਨੂੰ ਘੱਟ ਕਰਨ ਦਾ ਕੰਮ ਕੀਤਾ ਹੈ। ਕੁਝ ਅਜਿਹਾ ਹੀ ਲੱਦਾਖ਼ ਲਈ ਹੈ, ਕਿਉਂਕਿ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜੇ ਰੱਖਣ ਵਲ ਵਧਾਇਆ ਕਦਮ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਜ਼ਾਹਰ ਕੀਤਾ ਹੈ। (ਏਜੰਸੀ)
image
ਰੀਮੋਟ ਰਾਹੀਂ 'ਅਟਲ ਟਨਲ' ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਨਾਲ ਖੜੇ ਹਨ ਰਾਜਨਾਥ ਸਿੰਘ।