
ਸੰਗਰੂਰ ਸੀਟ ’ਤੇ ਕਾਂਗਰਸ ਅਤੇ ਅਕਾਲੀ ਦਲ ਮਜ਼ਬੂਤ ਉਮੀਦਵਾਰ ਉਤਾਰਨ ਦੇ ਰੌਂਅ ਵਿਚ
ਸੰਗਰੂਰ, 3 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਵਿਧਾਨ ਸਭਾ ਲਈ ਜਨਵਰੀ 2022 ਦੌਰਾਨ ਹੋਣ ਵਾਲੀਆਂ ਆਮ ਚੋਣਾਂ ਵਿਚ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਤਿੰਨ ਪ੍ਰਮੁੱਖ ਚਿਹਰੇ ਸੰਭਾਵੀ ਉਮੀਦਵਾਰ ਹੋ ਸਕਦੇ ਹਨ ਜਿਨ੍ਹਾਂ ਵਿਚ ਸੱਭ ਤੋਂ ਪਹਿਲਾਂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ, ਉਨ੍ਹਾਂ ਤੋਂ ਬਾਅਦ ਦੂਸਰੇ ਨੰਬਰ ਦਾ ਚਿਹਰਾ ਦਿਨੇਸ਼ ਬਾਂਸਲ ਦਾ ਅਤੇ ਤੀਸਰੇ ਨੰਬਰ ਦਾ ਚਿਹਰਾ ਬੀਬੀ ਨਰਿੰਦਰ ਕੌਰ ਭਰਾਜ ਦਾ ਹੈ। ਆਮ ਆਦਮੀ ਪਾਰਟੀ ਦੇ ਇਹ ਤਿੰਨੇ ਵਰਕਰ ਅਤੇ ਵਾਲੰਟੀਅਰ ਬਹੁਤ ਕਾਬਲ, ਇਮਾਨਦਾਰ ਅਤੇ ਚੰਗੇ ਪੜ੍ਹੇ ਲਿਖੇ ਵੀ ਹਨ ਜਿਹੜੇ ਸ਼ਾਇਦ ਪਾਰਟੀ ਦੇ ਸੰਭਾਵੀ ਉਮੀਦਵਾਰ ਬਣਨ ਦੀਆਂ ਲਗਭਗ ਸਾਰੀਆਂ ਬੁਨਿਆਦੀ ਸ਼ਰਤਾਂ ਪੂਰੀਆਂ ਕਰਦੇ ਹਨ।
ਇਸ ਹਲਕੇ ਦੇ ਲੋਕਾਂ ਵਿਚ ਇਹ ਚਰਚਾ ਬਹੁਤ ਆਮ ਹੈ ਕਿ ਭਾਵੇਂ ਦਿਨੇਸ਼ ਬਾਂਸਲ ਅਤੇ ਨਰਿੰਦਰ ਕੌਰ ਭਰਾਜ ਹਲਕੇ ਦੇ ਲੋਕਾਂ ਵਿਚ ਅਤੇ ਆਮ ਆਦਮੀ ਪਾਰਟੀ ਕੇਡਰ ਅੰਦਰ ਬਹੁਤ ਹਰਮਨਪਿਆਰੇ ਅਤੇ ਮਿਹਨਤੀ ਵਰਕਰਾਂ ਦੇ ਤੌਰ ਤੇ ਜਾਣੇ ਜਾਂਦੇ ਹਨ ਪਰ ਵਿਧਾਨ ਸਭਾ ਚੋਣਾਂ ਲੜਨ ਲਈ ਬਹੁਤ ਵਿਸ਼ਾਲ ਆਰਥਕ ਸਾਧਨਾਂ ਅਤੇ ਵਸੀਲਿਆਂ ਦੀ ਲੋੜ ਹੁੁੰਦੀ ਹੈ ਜਿਸ ਦੇ ਸਬੰਧ ਵਿਚ ਉਨ੍ਹਾਂ ਨੂੰ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ ਪਤਾ ਲੱਗਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਕਾਫੀ ਮਜ਼ਬੂਤ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਰਿਹਾ ਹੈ ਜਿਸ ਕਾਰਨ ਆਮ ਆਂਦਮੀ ਪਾਰਟੀ ਵੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਜਿਸ ਕਾਰਨ ਗੁਨਿੰਦਰਜੀਤ ਜਵੰਧਾ ਦਬੇ ਕੁਚਲੇ ਵਰਗਾਂ ਦਰਮਿਆਨ ਅਪਣੀ ਪਾਰਟੀ ਦੇ ਦੋ ਸਾਥੀ ਚਿਹਰਿਆਂ ਨਾਲੋਂ ਜ਼ਿਆਦਾ ਹਰਮਨਪਿਆਰਾ ਅਤੇ ਜ਼ਿਆਦਾ ਮਕਬੂਲ ਹੋਣ ਅਤੇ ਆਰਥਕ ਤੌਰ ’ਤੇ ਪੂਰੀ ਤਰ੍ਹਾਂ ਮਜ਼ਬੂਤ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਸ਼੍ਰੀ ਅਰਵਿੰਦ ਖੰਨਾ ਅਤੇ ਕਾਂਗਰਸ ਵਲੋਂ ਸੁਰਿੰਦਰਪਾਲ ਸਿਬੀਆ ਉਮੀਦਵਾਰ ਹੋ ਸਕਦੇ ਹਨ।