
ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਬੋਲੈਰੋ ਟੈਂਪੋ, 17 ਇੰਜਣ, ਭਾਰੀ ਮਾਤਰਾ ਵਿੱਚ ਟਾਇਰ, ਰੇਡੀਏਟਰ, ਸਕਰੈਪ ਅਤੇ ਗੈਸ ਕਟਰ ਬਰਾਮਦ ਕੀਤੇ ਹਨ।
ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲੇ 'ਚ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਸ਼ਹਿਰ 'ਚੋਂ ਵਾਹਨ ਚੋਰੀ ਕਰਕੇ ਉਨ੍ਹਾਂ ਨੂੰ ਪਲਾਟ 'ਚ ਸੁੱਟਦਾ ਸੀ। ਇਸ ਤੋਂ ਬਾਅਦ ਮੌਕਾ ਦੇਖ ਕੇ ਉਹ ਵਾਹਨਾਂ ਨੂੰ ਅੱਗੇ ਵਰਕਸ਼ਾਪ ਸਟਾਰ ਐਵੀਨਿਊ ਮਲੇਰਕੋਟਲਾ ਰੋਡ ਵੱਲ ਲੈ ਜਾਂਦੇ ਸਨ। ਉਥੇ ਗੈਸ ਕਟਰਾਂ ਦੀ ਮਦਦ ਨਾਲ ਵਾਹਨਾਂ ਦੇ ਪੁਰਜ਼ੇ ਕੱਟ ਕੇ ਕਬਾੜੀਆਂ ਨੂੰ ਵੇਚਦੇ ਸਨ।
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਗਿਰੋਹ ਦੇ ਸਰਗਨਾ ਦੀ ਪਤਨੀ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਜੀਤ ਕੌਰ, ਮਨੋਜ ਕੁਮਾਰ, ਰਣਧੀਰ ਸਿੰਘ ਅਤੇ ਗੁਰਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 10 ਬੋਲੈਰੋ ਟੈਂਪੋ, 17 ਇੰਜਣ, ਭਾਰੀ ਮਾਤਰਾ ਵਿੱਚ ਟਾਇਰ, ਰੇਡੀਏਟਰ, ਸਕਰੈਪ ਅਤੇ ਗੈਸ ਕਟਰ ਬਰਾਮਦ ਕੀਤੇ ਹਨ।
ਪ੍ਰੈਸ ਕਾਨਫਰੰਸ 'ਚ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 5 ਹੋਰ ਲੋਕ ਫਰਾਰ ਹਨ, ਜਿਨ੍ਹਾਂ 'ਚ ਗੈਂਗ ਦੇ ਸਰਗਨਾ ਰਜਿੰਦਰ, ਤਜਿੰਦਰ, ਹਰਜੀਤ ਸਿੰਘ ਅਤੇ ਮੋਹਿਤ ਸ਼ਾਮਲ ਹਨ। ਮੁਲਜ਼ਮਾਂ ਦੀ ਭਾਲ ਜਾਰੀ ਹੈ। ਫੋਕਲ ਪੁਆਇੰਟ ਇਲਾਕੇ ਵਿੱਚੋਂ ਇੱਕ ਟੈਂਪੂ ਚੋਰੀ ਹੋ ਗਿਆ। ਟੈਂਪੂ ਦੇ ਮਾਲਕ ਨੇ ਟੈਂਪੂ ਵਿੱਚ ਜੀਪੀਐਸ ਸਿਸਟਮ ਲਗਾਇਆ ਹੋਇਆ ਸੀ। ਜਿਵੇਂ ਹੀ ਉਸਦਾ ਟੈਂਪੂ ਚੋਰੀ ਹੋਇਆ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਲਿਖ ਦਿੱਤੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਟਿਕਾਣਾ ਭੇਜ ਦਿੱਤਾ। ਟੈਂਪੂ ਦਾ ਟਿਕਾਣਾ ਪਿੰਡ ਗਿੱਲ ਨੇੜੇ ਆ ਰਿਹਾ ਸੀ। ਜਦੋਂ ਪੁਲਿਸ ਦੀਆਂ ਟੀਮਾਂ ਛਾਪੇਮਾਰੀ ਕਰਨ ਗਈਆਂ ਤਾਂ ਮੌਕੇ ’ਤੇ ਇੱਕ ਗੋਦਾਮ ਦੇਖਿਆ ਗਿਆ।
ਔਰਤ ਬਲਜੀਤ ਕੌਰ ਗੋਦਾਮ ਵਿੱਚ ਬੈਠੀ ਸੀ ਅਤੇ ਮੁਲਜ਼ਮ ਮਨੋਜ ਕੁਮਾਰ, ਰਣਧੀਰ ਅਤੇ ਗੁਰਦੀਪ ਸਿੰਘ ਗੈਸ ਕਟਰ ਨਾਲ ਟੈਂਪੂ ਨੂੰ ਕੱਟ ਰਹੇ ਸਨ। ਪੁਲਿਸ ਨੂੰ ਦੇਖ ਕੇ ਮੁਲਜ਼ਮ ਭੱਜਣ ਲੱਗੇ ਪਰ ਪੁਲਿਸ ਨੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਪੁਲਿਸ ਨੇ ਗੋਦਾਮ ਵਿੱਚੋਂ ਕਈ ਵਾਹਨ ਬਰਾਮਦ ਕੀਤੇ ਹਨ। ਕਈ ਵਾਹਨ ਅਜਿਹੇ ਸਨ ਜਿਨ੍ਹਾਂ ਦੇ ਪਾਰਟਸ ਉਥੇ ਹੀ ਪਏ ਸਨ। ਇਸ ਤੋਂ ਇਲਾਵਾ ਪਲਾਟ ਵਿੱਚ ਖੜ੍ਹੇ ਬੋਲੈਰੋ ਟੈਂਪੋ ਅਤੇ ਹੋਰ ਕਈ ਵਾਹਨ ਵੀ ਬਰਾਮਦ ਕੀਤੇ ਗਏ ਹਨ।