
ਬਾਰੂਦੀ ਸੁਰੰਗ ਧਮਾਕੇ 'ਚ ਫੌਜ ਦੇ ਦੋ ਜਵਾਨ ਜ਼ਖ਼ਮੀ
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਕੰਟਰੋਲ ਰੇਖਾ (LOC) ਨੇੜੇ ਬਾਰੂਦੀ ਸੁਰੰਗ ਧਮਾਕੇ 'ਚ ਫੌਜ ਦੇ ਦੋ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸੈਨਿਕਾਂ ਦਾ ਇੱਕ ਦਲ LOC 'ਤੇ ਗਸ਼ਤ ਕਰ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ਧਮਾਕੇ 'ਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਕਿਹਾ, 'ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਤ੍ਰੇਹਗਾਮ ਇਲਾਕੇ ਵਿੱਚ ਐਲਓਸੀ ਨੇੜੇ ਗੁਗਲਦਾਰਾ ਵਿੱਚ ਗਸ਼ਤ ਦੌਰਾਨ ਬਾਰੂਦੀ ਸੁਰੰਗ ਧਮਾਕਾ ਹੋਇਆ। ਦੋਵਾਂ ਜਵਾਨਾਂ ਨੂੰ ਡ੍ਰਗਮੁੱਲਾ ਦੇ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਇਹ ਧਮਾਕਾ ਕਿਵੇਂ ਹੋਇਆ ਇਸ ਦੀ ਫੌਜ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ ਸੀ। ਇਸ ਬਾਰੇ ਪੁਲਿਸ ਨੇ ਕਿਹਾ ਸੀ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਸੁਰੱਖਿਆ ਬਲਾਂ ਨੇ ਚਤਰੂ 'ਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ।
ਇਸ ਦੌਰਾਨ ਖੁਦ ਨੂੰ ਘਿਰਿਆ ਦੇਖ ਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਿਛਲੇ ਦੋ ਮਹੀਨਿਆਂ ਦੌਰਾਨ ਕਿਸ਼ਤਵਾੜ ਦੇ ਵੱਖ-ਵੱਖ ਹਿੱਸਿਆਂ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਕਈ ਵਾਰ ਗੋਲੀਬਾਰੀ ਹੋਈ ਹੈ। 13 ਸਤੰਬਰ ਨੂੰ ਚਤਰੂ ਦੇ ਨਾਇਦਘਾਮ ਇਲਾਕੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਇਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ।