
Zira News: ਭੱਠੇ ਦੇ ਨੇੜੇ ਛਾਂ ਵਾਲੀ ਜਗ੍ਹਹਾ 'ਤੇ ਬੱਚੀ ਨੂੰ ਸੀ ਸਵਾਇਆ
Baby girl dies after being run over by tractor Zira News: ਜ਼ੀਰਾ ਖੇਤਰ ਵਿਚ ਟਰੈਕਟਰ ਹੇਠਾਂ ਆਉਣ ਨਾਲ ਢਾਈ ਮਹੀਨੇ ਦੀ ਇਕ ਮਾਸੂਮ ਬੱਚੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਹਾਦਸਾ ਪਿੰਡ ਮੌਜੇ ਵਾਲਾ ਨੇੜੇ ਫਰੈਂਡਜ਼ ਇੱਟਾਂ ਦੇ ਭੱਠੇ ’ਤੇ ਵਾਪਰਿਆ। ਮ੍ਰਿਤਕ ਬੱਚੀ ਦੇ ਪਿਤਾ, ਰਾਜ ਪਾਤਰ ਪੁੱਤਰ ਦਇਆ ਰਾਮ, ਜੋ ਕਿ ਮੂਲ ਰੂਪ ਵਿਚ ਫ਼ਤਿਹਗੜ੍ਹ ਪੰਜਤੂਰ ਥਾਣੇ ਅਧੀਨ ਪੈਂਦੇ ਪਿੰਡ ਮੌਜੇ ਵਾਲਾ ਦੇ ਭੱਠੇ ’ਤੇ ਪਥੇਰ ਦਾ ਕੰਮ ਕਰਦਾ ਹੈ, ਨੇ ਪੁਲਿਸ ਨੂੰ ਅਪਣੇ ਬਿਆਨ ਦਰਜ ਕਰਵਾਏ ਹਨ।
ਰਾਜ ਪਾਤਰ ਨੇ ਦਸਿਆ ਕਿ ਵੀਰਵਾਰ ਦੀ ਸਵੇਰ ਕਰੀਬ 9 ਵਜੇ, ਉਸ ਦੀ ਪਤਨੀ ਨੇ ਉਨ੍ਹਾਂ ਦੀ ਛੋਟੀ ਲੜਕੀ, ਜਿਸ ਦਾ ਨਾਮ ਰਾਜ ਨੰਦਨੀ (ਉਮਰ ਕਰੀਬ ਢਾਈ ਮਹੀਨੇ) ਸੀ, ਨੂੰ ਭੱਠੇ ਦੇ ਨੇੜੇ ਛਾਂ ਵਾਲੀ ਜਗ੍ਹਹਾ ’ਤੇ ਸਵਾ ਦਿਤਾ ਸੀ। ਇਹ ਬੱਚੀ ਆਰਾਮ ਨਾਲ ਸੁੱਤੀ ਪਈ ਸੀ ਕਿ ਐਨੇ ਨੂੰ ਗੋਸੀ ਵਾਸੀ ਬਠਿੰਡਾ, ਜੋ ਕਿ ਇਸੇ ਭੱਠੇ ’ਤੇ ਕੰਮ ਕਰਦਾ ਹੈ, ਨੇ ਅਪਣਾ ਟਰੈਕਟਰ ਬਹੁਤ ਹੀ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਭਜਾ ਕੇ ਲਿਆਇਆ।
ਗੋਸੀ ਨੇ ਲਾਪਰਵਾਹੀ ਵਰਤਦੇ ਹੋਏ ਟਰੈਕਟਰ ਬੱਚੀ ਦੇ ਉਪਰੋਂ ਲੰਘਾ ਦਿਤਾ ਤੇ ਮਾਸੂਮ ਰਾਜ ਨੰਦਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਸ਼ਿਕਾਇਤਕਰਤਾ ਰਾਜ ਪਾਤਰ ਦੇ ਬਿਆਨਾਂ ਦੇ ਆਧਾਰ ’ਤੇ ਟਰੈਕਟਰ ਚਾਲਕ ਗੋਸੀ ਵਿਰੁਧ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਜ਼ੀਰਾ ਤੋਂ ਹਰਜੀਤ ਸਿੰਘ ਸਨ੍ਹੇਰ ਦੀ ਰਿਪੋਰਟ