
Firozpur News: 6 ਅਕਤੂਬਰ ਤੱਕ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
Firozpur father killed his daughter: ਫਿਰੋਜ਼ਪੁਰ ਵਿੱਚ ਇੱਕ ਪਿਤਾ ਨੇ ਆਪਣੀ ਧੀ ਨੂੰ ਨਹਿਰ ਵਿੱਚ ਸੁੱਟ ਕੇ ਮਾਰ ਦਿੱਤਾ। ਕਲਯੁਗੀ ਪਿਓ ਨੇ ਧੀ ਦੇ ਹੱਥ ਬੰਨ੍ਹ ਕੇ ਉਸ ਨੂੰ ਨਹਿਰ ਵਿਚ ਸੁੱਟਿਆ। ਬੱਚੀ ਦੀ ਮਾਂ ਵੀ ਉੱਥੇ ਮੌਜੂਦ ਸੀ। ਪਿਤਾ ਨੇ ਪੂਰੀ ਘਟਨਾ ਦੀ ਵੀਡੀਓ ਵੀ ਬਣਾਈ। ਵੀਡੀਓ ਹੁਣ ਸਾਹਮਣੇ ਆਇਆ ਹੈ। ਪੁਲਿਸ ਜਾਂਚ ਦੇ ਅਨੁਸਾਰ, ਦੋਸ਼ੀ ਵਿਅਕਤੀ ਪੰਜ ਧੀਆਂ ਦਾ ਪਿਤਾ ਸੀ ਅਤੇ ਅਕਸਰ ਆਪਣੀ ਸਭ ਤੋਂ ਵੱਡੀ ਧੀ, 17, ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਉਹ ਅਕਸਰ ਉਸ ਨਾਲ ਬਹੁਤ ਸਖ਼ਤ ਰਹਿੰਦਾ ਸੀ, ਪਰ ਕਤਲ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦਿਆਂ ਲੜਕੀ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲੜਕੀ ਦੇ ਰਿਸ਼ਤੇਦਾਰ ਸਾਹਿਲ ਚੌਹਾਨ ਨੇ ਪੁਲਿਸ ਨੂੰ ਦਸਿਆ ਕਿ ਲੜਕੀ ਦਾ ਪਿਤਾ ਸੁਰਜੀਤ ਸਿੰਘ ਜੋ ਕਿ ਉਸ ਦਾ ਮਾਮਾ ਲੱਗਦਾ ਪੰਜ ਧੀਆਂ ਦਾ ਪਿਤਾ ਹੈ। ਸੁਰਜੀਤ ਸਿੰਘ ਆਪਣੀ ਸਭ ਤੋਂ ਵੱਡੀ ਲੜਕੀ ਪ੍ਰੀਤ ਉਮਰ 17 ਸਾਲ ਦੇ ਚਾਲ ਚੱਲਣ ’ਤੇ ਸ਼ੱਕ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ। ਬੀਤੀ ਰਾਤ ਲਗਭਗ 8:30 ਵਜੇ ਉਸ ਦਾ ਮਾਮਾ ਸੁਰਜੀਤ ਸਿੰਘ ਆਪਣੀ ਲੜਕੀ ਪ੍ਰੀਤ ਨੂੰ ਮੋਟਰਸਾਈਕਲ ’ਤੇ ਰਿਸ਼ਤੇਦਾਰੀ ’ਚ ਜਾਣ ਦੇ ਬਹਾਨੇ ਮੋਗਾ ਰੋਡ 'ਤੇ ਨਹਿਰ ਉੱਤੇ ਲੈ ਗਿਆ। ਜਿਥੇ ਲੜਕੀ ਦੇ ਹੱਥ ਬੰਨ੍ਹ ਕੇ ਨਹਿਰ ’ਚ ਸੁੱਟ ਦਿੱਤਾ ਅਤੇ ਉੱਥੋਂ ਫ਼ਰਾਰ ਹੋ ਗਿਆ।
ਐੱਸ ਐੱਸ ਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਚ ਸੁਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਉੱਪਰ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ‘ਸੂ-ਮੋਟੋ’ ਨੋਟਿਸ ਲਿਆ ਹੈ ਤੇ 6 ਅਕਤੂਬਰ ਤੱਕ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।