
ਕੈਬਨਿਟ ਮੰਤਰੀ ਨੇ ਤਾਈਕਵਾਂਡੋ ਅੰਡਰ-17,19 (ਲੜਕੇ-ਲੜਕੀਆਂ) ਟੂਰਨਾਮੈਂਟ ਦਾ ਕੀਤਾ ਉਦਘਾਟਨ
ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵੱਲੋਂ ਅੱਜ ਸਥਾਨਕ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨਕੋਦਰ ਚੌਕ ਵਿਖੇ 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 ਤਹਿਤ ਤਾਈਕਵਾਂਡੋ ਅੰਡਰ-17,19 (ਲੜਕੇ-ਲੜਕੀਆਂ) ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਦ੍ਰਿੜ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਖੇਡ ਖੇਤਰ ਲਈ ਬਜਟ ਵਿੱਚ ਇਤਿਹਾਸਕ ਵਾਧਾ ਕੀਤਾ। ਪਹਿਲਾਂ ਨਾਲੋਂ ਕਿਤੇ ਵੱਧ ਰਾਸ਼ੀ ਖੇਡਾਂ ਦੇ ਵਿਕਾਸ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਣ ਲਈ ਸੁਵਿਧਾਜਨਕ ਅਤੇ ਬਿਹਤਰ ਮਾਹੌਲ ਦੇਣ ਲਈ ਸੂਬੇ ਵਿੱਚ 3000 ਤੋਂ ਵੱਧ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਕ੍ਰਾਂਤੀ ਲਿਆਉਣ ਲਈ ਖੇਡ ਬੁਨਿਆਦੀ ਢਾਂਚੇ ਦੇ ਮਜ਼ਬੂਤੀਕਰਨ ਵੱਲ ਵਿਸ਼ੇਸ਼ ਤਵਜੋਂ ਦਿੱਤੀ ਜਾ ਰਹੀ ਹੈ।
ਖੇਡਾਂ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਸ਼੍ਰੀ ਭਗਤ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਸਗੋਂ ਟੀਮ ਵਰਕ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਨੌਜਵਾਨਾਂ ਨੂੰ ਹਮੇਸ਼ਾ ਸਪੋਰਟਸ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੀ ਤਾਕਤ ਤੇ ਸਮਾਂ ਖੇਡਾਂ ਅਤੇ ਸਿਹਤਮੰਦ ਸਰਗਰਮੀਆਂ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਤੰਦਰੁਸਤ ਦਿਮਾਗ ਅਤੇ ਸਰੀਰ ਨਾਲ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੋਹਿਆ ਜਾ ਸਕਦਾ ਹੈ।
ਉਪਰੰਤ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ, ਡੀ.ਐਮ ਸਪੋਰਟਸ ਅਮਨਦੀਪ ਕੌਂਡਲ, ਪ੍ਰਿੰਸੀਪਲ ਅਰਸ਼ਦੀਪ ਕੌਰ ਅਤੇ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ ਵਲੋਂ ਕੈਬਨਿਟ ਮੰਤਰੀ ਦਾ ਯਾਦਗਾਰੀ ਚਿਨ੍ਹ ਨਾਲ ਸਨਮਾਨ ਕੀਤਾ ਗਿਆ।
ਟੂਰਨਾਮੈਂਟ ਦੇ ਪਹਿਲੇ ਦਿਨ ਲੜਕਿਆਂ ਦੇ ਅੰਡਰ-17 ਦੇ ਮੁਕਾਬਲੇ ਕਰਵਾਏ ਗਏ। 35 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੇ ਨਰੇਸ਼ ਨੇ ਪਹਿਲਾ, ਜਲੰਧਰ ਦੇ ਸਾਗਰ ਕੁਮਾਰ ਨੇ ਦੂਜਾ ਅਤੇ ਲੁਧਿਆਣਾ ਦੇ ਚੇਤਨ ਤੇ ਫਿਰੋਜ਼ਪੁਰ ਦੇ ਸਮਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 68 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੇ ਪ੍ਰਭਵ ਦੀਕਸ਼ਿਤ ਨੇ ਪਹਿਲਾ, ਅੰਮ੍ਰਿਤਸਰ ਦੇ ਨਾਜ਼ਵੀਰ ਸਿੰਘ ਨੇ ਦੂਜਾ ਜਦਕਿ ਲੁਧਿਆਣਾ ਦੇ ਰਣਵੀਰ ਸਿੰਘ ਤੇ ਪਟਿਆਲਾ ਦੇ ਅਸ਼ੀਸ਼ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਿਲ ਕੀਤਾ। 78 ਕਿਲੋਗ੍ਰਾਮ ਭਾਰ ਵਰਗ ਵਿੱਚ ਫਿਰੋਜ਼ਪੁਰ ਦੇ ਅਮਨਦੀਪ ਸਿੰਘ ਨੇ ਪਹਿਲਾ, ਹੁਸ਼ਿਆਰਪੁਰ ਦੇ ਸ਼੍ਰੇਯਸ ਕੁਮਾਰ ਨੇ ਦੂਜਾ ਅਤੇ ਪਟਿਆਲਾ ਦੇ ਅਵਨੂਰ ਸਿੰਘ ਤੇ ਜਲੰਧਰ ਦੇ ਗੋਵਿੰਦ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਿਲ ਕੀਤਾ।
ਖੇਡ ਸਮਾਗਮ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੋਚਾਂ, ਸਿਲੈਕਟਰਾਂ ਦਾ ਸਨਮਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚਾਰ ਦਿਨਾਂ ਟੂਰਨਾਮੈਂਟ ਵਿੱਚ 23 ਜ਼ਿਲ੍ਹਿਆਂ ਦੀਆਂ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਦੇ ਲਗਭਗ 700 ਖਿਡਾਰੀ ਭਾਗ ਲੈ ਰਹੇ ਹਨ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ, ਸਕੂਲਾਂ ਦੇ ਅਧਿਆਪਕ ਤੇ ਖਿਡਾਰੀ ਵੀ ਮੌਜੂਦ ਸਨ।