
ਕੋਲੇ ਦਾ ਭੰਡਾਰ ਖ਼ਤਮ ਹੋਣ ਕਾਰਨ ਪੈਦਾ ਹੋਇਆ ਬਿਜਲੀ ਸੰਕਟ : ਵੇਨੂ ਪ੍ਰਸ਼ਾਦ
to
ਚੰਡੀਗੜ੍ਹ, 3 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਰੇਲਵੇ ਵਲੋਂ ਮਾਲ ਸਪਲਾਈ ਕਰਨ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਲੰਮੇ ਸਮੇਂ ਤੋਂ ਮੁਅੱਤਲ ਕੀਤੇ ਜਾਣ ਦੇ ਨਤੀਜੇ ਵਜੋਂ ਕੋਲੇ ਦਾ ਸਟਾਕ ਖ਼ਤਮ ਹੋਣ ਕਰ ਕੇ ਪੰਜਾਬ ਨੂੰ ਅੱਜ ਬਿਜਲੀ ਦੇ ਵੱਡੇ ਕੱਟ ਲਾਉਣੇ ਪਏ ਹਨ।
ਪਾਵਰਕਾਮ ਦੇ ਚੇਅਰਮੈਨ ਵੇਨੂ ਪ੍ਰਸ਼ਾਦ ਨੇ ਦਸਿਆ ਕਿ ਸੂਬੇ ਦੇ ਆਖਰੀ ਪਾਵਰ ਪਲਾਂਟ ਜੀ.ਵੀ.ਕੇ. ਥਰਮਲ ਦੇ ਬੰਦ ਹੋਣ ਕਾਰਨ ਦਿਨ ਦੌਰਾਨ ਬਿਜਲੀ ਦੀ ਘਾਟ ਵਿਚ 1000-1500 ਮੈਗਾਵਾਟ ਵਾਧੇ ਦੇ ਮੱਦੇਨਜ਼ਰ, ਬਿਜਲੀ ਵਿਭਾਗ ਕੋਲ ਸਾਰੇ ਰਿਹਾਇਸ਼ੀ, ਵਪਾਰਕ ਅਤੇ ਖੇਤੀਬਾੜੀ ਖ਼ਪਤਕਾਰਾਂ ਨੂੰ ਮੰਗਲਵਾਰ ਸ਼ਾਮ ਤੋਂ ਬਿਜਲੀ ਦੇ ਕੱਟ ਲਗਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।
ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਸੂਬੇ ਵਿਚ ਦਿਨ ਦੇ ਸਮੇਂ ਬਿਜਲੀ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਸਮੇਂ ਕਰੀਬ 3400 ਮੈਗਾਵਾਟ ਹੈ। ਦੂਜੇ ਪਾਸੇ, ਸਪਲਾਈ ਲੋੜ ਤੋਂ ਬਹੁਤ ਘੱਟ ਹੈ ਕਿਉਂ ਜੋ ਦਿਨ ਸਮੇਂ ਰੋਜ਼ਾਨਾ 4-5 ਘੰਟਿਆਂ ਲਈ ਸਿਰਫ਼ ਸਬਜ਼ੀ ਫੀਡਰਾਂ (800 ਮੈਗਾਵਾਟ) ਦੀ ਖੇਤੀਬਾੜੀ ਬਿਜਲੀ (ਏਪੀ) ਲੋਡ ਸਪਲਾਈ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਹੋਰ ਏ.ਪੀ. ਲੋਡ (ਲਗਭਗ 300 ਮੈਗਾਵਾਟ) ਘੱਟ ਹੈ।
ਚੇਅਰਮੈਨ ਮੁਤਾਬਕ ਮਾਰਕੀਟ ਦਰਾਂ ਵਿਚ ਵਾਧੇ ਦੇ ਕਾਰਨ, ਦਿਨ ਸਮੇਂ ਬਿਜਲੀ ਦੀ ਕਮੀ ਘੱਟ ਹੋਣ ਕਾਰਨ, ਅੱਜ ਸਵੇਰੇ ਸਾਰੇ ਏਪੀ/ਸਬਜ਼ੀਆਂ ਅਤੇ ਅਰਬਨ ਪੈਟਰਨ ਪਾਵਰ ਸਪਲਾਈ (ਯੂ.ਪੀ.ਐਸ.) 'ਤੇ ਪੇਂਡੂ ਫੀਡਰਾਂ ਵਿਚ ਲੋਡ ਦੀ ਵੰਡ ਕੀਤੀ ਜਾਣੀ ਸੀ। ਬੁਲਾਰੇ ਨੇ ਦਸਿਆ ਕਿ ਸੂਬੇ ਦੇ ਵੱਖ-ਵੱਖ ਫ਼ੀਡਰਾਂ 'ਤੇ ਦੁਪਹਿਰ 4 ਵਜੇ ਤੋਂ ਬਾਅਦ ਰੋਜ਼ਾਨਾ 4-5 ਘੰਟਿਆਂ ਲਈ ਨਿਯਮਤ ਤੌਰ 'ਤੇ ਲੋਡ ਦੀ ਵੰਡ ਕੀਤੀ ਜਾ ਰਹੀ ਹੈ, ਜਦਕਿ ਏ.ਪੀ./ਸਬਜ਼ੀਆਂ ਸਬੰਧੀ ਸਪਲਾਈ ਵੀ ਘੱਟ ਕੀਤੀ ਜਾ ਰਹੀ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਅੱਜ ਜੀ.ਵੀ.ਕੇ. ਥਰਮਲ ਗੋਇੰਦਵਾਲ (2*270 ਮੈਗਾਵਾਟ) ਦਾ ਇਕ ਯੂਨਿਟ ਜੋ ਦੁਪਹਿਰ ਕਰੀਬ 12 ਵਜੇ ਕੰਮ ਕਰ ਰਿਹਾ ਸੀ, ਸ਼ਾਮ 5 ਵਜੇ ਕੋਲੇ ਦਾ ਭੰਡਾਰ ਪੂਰੀ ਤਰ੍ਹਾਂ ਖ਼ਤਮ ਹੋਣ ਕਾਰਨ ਬੰਦ ਹੋ ਗਿਆ ਜਿਸ ਨਾਲ ਸਥਿਤੀ ਹੋਰ ਵੀ ਖ਼ਰਾਬ ਹੋ ਗਈ ਹੈ। ਹੋਰ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਐਨ.ਪੀ.ਐਲ. (2*660 ਮੈਗਾਵਾਟ) ਅਤੇ ਟੀ.ਐਸ.ਪੀ.ਐਲ. (3*660 ਮੈਗਾਵਾਟ) ਵਿਚ ਪਹਿਲਾਂ ਹੀ ਕੋਲਾ ਖ਼ਤਮ ਹੋਣ ਕਾਰਨ ਕੰਮ ਬੰਦ ਹੋ ਚੁੱਕਾ ਹੈ।
ਇਸ ਸਮੇਂ ਸੂਬੇ ਦੇ ਰੋਪੜ ਅਤੇ ਲਹਿਰਾ ਮੁਹੱਬਤ ਦੇ ਥਰਮਲ ਪਾਵਰ ਸਟੇਸ਼ਨ (4*210 ਮੈਗਾਵਾਟ+2*210 ਮੈਗਾਵਾਟ + 2*250 ਮੈਗਾਵਾਟ= 1760 ਮੈਗਾਵਾਟ) ਵੀ ਬੰਦ ਹੋ ਗਏ ਹਨ। ਹਾਲਾਂਕਿ, ਜੀਵੀਕੇ ਵਿਖੇ ਬਿਜਲੀ ਪੈਦਾ ਕਰਨ ਦੇ ਘਾਟੇ ਨੂੰ ਪੂਰਾ ਕਰਨ ਅਤੇ ਸਿਸਟਮ ਨੂੰ ਸਥਿਰਤਾ ਪ੍ਰਦਾਨ ਕਰਨ ਲਈ ਇਨ੍ਹਾਂ ਪਲਾਂਟਾਂ ਵਿਚੋਂ ਹਰੇਕ ਦੀ ਇਕ ਯੂਨਿਟ ਨੂੰ ਅੱਜ ਸ਼ਾਮ ਤਕ ਜੋੜਿਆ ਜਾਵੇਗਾ।