
ਕੋਲੇ ਦੀ ਕਮੀ ਕਾਰਨ ਆਖਰੀ GVK ਥਰਮਲ ਪਲਾਂਟ ਵੀ ਬੰਦ ਹੋ ਗਿਆ ਹੈ।
ਚੰਡੀਗੜ੍ਹ: ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਿਸਾਨ ਅੰਦੋਲਨ ਸਿਖਰਾਂ 'ਤੇ ਹੈ। ਇਸ ਦੇ ਚਲਦੇ ਕਿਸਾਨਾਂ ਨੇ ਰੇਲ ਆਵਾਜਾਈ ਕਾਫ਼ੀ ਸਮੇਂ ਤੋਂ ਬੰਦ ਕੀਤੀ ਹੈ। ਅਜਿਹੇ 'ਚ ਹੁਣ ਕੇਂਦਰ ਸਰਕਾਰ ਨੇ ਸੂਬੇ 'ਚ ਮਾਲ ਗੱਡੀਆਂ 'ਤੇ ਬ੍ਰੇਕ ਲਾ ਦਿੱਤੀ ਹੈ। ਇਸ ਦੇ ਚਲਦੇ ਹੁਣ ਪੰਜਾਬ 'ਚ ਬਿਜਲੀ ਦਾ ਭਾਰੀ ਸਕੰਟ ਵੇਖਣ ਮਿਲਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਥਰਮਲ ਪਲਾਂਟਾਂ ਤੱਕ ਕੋਲਾ ਨਾ ਪਹੁੰਚਣ ਕਾਰਨ ਬਿਜਲੀ ਦਾ ਉਤਪਾਦਨ ਬੰਦ ਹੋ ਗਿਆ ਹੈ। ਕੈਪਟਨ ਸਰਕਾਰ ਨੇ ਦੱਸਿਆ ਕਿ ਕੋਲੇ ਦੀ ਕਮੀ ਕਾਰਨ ਆਖਰੀ GVK ਥਰਮਲ ਪਲਾਂਟ ਵੀ ਬੰਦ ਹੋ ਗਿਆ ਹੈ।
ਪੰਜਾਬ 'ਚ ਸਰਕਾਰੀ ਤੇ ਨਿਜੀ ਪੰਜ ਥਰਮਲ ਪਲਾਂਟ ਹਨ, ਜਿਨ੍ਹਾਂ 'ਚੋਣ 4 ਪਹਿਲਾਂ ਹੀ ਬੰਦ ਹੋ ਚੁਕੇ ਹਨ। ਪੰਜਾਬ 'ਚ ਹੁਣ ਲੰਬੇ-ਲੰਬੇ ਪਾਵਰ ਕੱਟ ਲਗ ਸਕਦੇ ਹਨ। ਸੂਬਾ ਸਰਕਾਰ ਨੇ ਹੋਰਨਾਂ ਸਰੋਤਾਂ ਤੋਂ ਬਿਜਲੀ ਖਰੀਦ ਕੇ ਪੰਜਾਬ ਦੀ ਪਾਵਰ ਸਪਲਾਈ ਹੋ ਰਹੀ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਸਮੇਂ ਰਾਜ ਵਿੱਚ ਦਿਨ ਦੀ ਮੰਗ ਲਗਭਗ 5100-5200 ਮੈਗਾਵਾਟ ਹੈ ਅਤੇ ਰਾਤ ਦੀ ਮੰਗ ਕਰੀਬ 3400 ਮੈਗਾਵਾਟ ਹੈ। ਦੂਜੇ ਪਾਸੇ, ਸਪਲਾਈ ਪੂਰੀ ਤਰ੍ਹਾਂ ਨਾਕਾਫੀ ਹੈ ਸਿਰਫ ਸਬਜ਼ੀ ਫੀਡਰ (800 ਮੈਗਾਵਾਟ) ਦੇ ਖੇਤੀਬਾੜੀ ਬਿਜਲੀ (ਏਪੀ) ਦੇ ਲੋਡ ਨਾਲ ਹਰ ਰੋਜ਼ 4-5 ਘੰਟਿਆਂ ਲਈ ਸਪਲਾਈ ਦਿੱਤੀ ਜਾਂਦੀ ਹੈ।
ਸਰਕਾਰ ਦਾ ਕਹਿਣਾ ਹੈ ਕਿ ਰੇਲ ਮੰਤਰਾਲੇ ਵਲੋਂ ਮਾਲ ਗੱਡੀਆਂ ਨਾ ਸ਼ੁਰੂ ਕਰਨ ਕਰਕੇ ਇਹ ਨੌਬਤ ਆਈ ਹੈ। ਕੇਂਦਰ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਜਦ ਤੱਕ ਕਿਸਾਨ ਯਾਤਰੀ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦੇਣਗੇ, ਉੰਨਾ ਚਿਰ ਮਾਲ ਗੱਡੀਆਂ ਨੂੰ ਪੰਜਾਬ 'ਚ ਚੱਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਵੇਗੀ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾ ਕੇਂਦਰ ਤੇ ਪੰਜਾਬ ਵਿਚਲੀ ਖਿੱਚੋਤਾਣ ਦੇ ਚੱਲਦਿਆਂ ਮਾਲਗੱਡੀਆਂ ਫਿਲਹਾਲ ਰੁਕੀਆਂ ਹੋਈਆਂ ਹਨ। ਜਿਸ ਕਾਰਨ ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ ਦੇ ਤਲਵੰਡੀ ਸਾਬੋ, ਪਟਿਆਲਾ ਦੇ ਰਾਜਪੁਰਾ ਤੇ ਤਰਨ ਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਕੋਲਾ ਨਾ ਪਹੁੰਚਣ ਕਾਰਨ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸਮੇਂ ਸੂਬੇ 'ਚ 5456 ਮੈਗਾਵਾਟ ਬਿਜਲੀ ਦੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕੌਮ ਮੁੱਖ ਤੌਰ 'ਤੇ ਪਣਬਿਜਲੀ ਯੋਜਨਾਵਾਂਣ 'ਤੇ ਨਿਰਭਰ ਹੋ ਗਿਆ ਹੈ।