 
          	ਬੀ. ਕੇ. ਯੂ. (ਉਗਰਾਹਾਂ) ਨੇ ਦਿਤਾ ਖੇਤੀ ਮੰਤਰੀ ਦੀ ਕੋਠੀ ਅੱਗੇ ਧਰਨਾ
ਨਾਭਾ, 3 ਨਵੰਬਰ (ਬਲਵੰਤ ਹਿਆਣਾ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸੂਬਾ ਕਮੇਟੀ ਦੇ ਸੱਦੇ ’ਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਪੰਜ ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਵਿਰੁਧ ਨਾਭਾ (ਪਟਿਆਲਾ) ਵਿਖੇ ਧਰਨਾ ਦਿਤਾ ਗਿਆ ਅਤੇ ਮੰਤਰੀ ਦੀ ਕੋਠੀ ਅੱਗੇ ਧਰਨਾ ਦਿਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਗਤਾਰ ਸਿੰਘ ਕਾਲਾਝਾੜ ਸੂਬਾ ਆਗੂ ਦਰਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸੈਕਟਰੀ ਸੰਗਰੂਰ ਸੁਦਾਗਰ ਸਿੰਘ ਘਢਾਣੀਕਲਾ ਜ਼ਿਲ੍ਹਾ ਜਨਰਲ ਸਕੱਤਰ ਲੁਧਿਆਣਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਲਈ ਖੇਤੀ ਸੰਦਾਂ ’ਤੇ 80 ਫ਼ੀ ਸਦੀ ਸਬਸਿਡੀ ਮਨਜ਼ੂਰ ਕੀਤੀ ਗਈ ਸੀ। ਕਿਸਾਨਾਂ ਨੇ ਜਦੋਂ ਅਪਲਾਈ ਕਰ ਦਿਤਾ ਤਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਖੇਤੀ ਸੰਦਾਂ ’ਤੇ ਸਬਸਿਡੀ 50 ਫ਼ੀ ਸਦੀ ਹੀ ਮਿਲੇਗੀ ਤੇ ਬਾਅਦ ਵਿਚ ਸਬਸਿਡੀ 80 ਫ਼ੀ ਸਦੀ ਦੇਣ ਦਾ ਐਲਾਨ ਕਰ ਕੇ ਕਿਸਾਨਾਂ ਨੂੰ ਦੁਬਾਰਾ ਅਰਜ਼ੀਆਂ ਦੇਣ ਲਈ ਆਖਿਆ ਗਿਆ। ਕਿਸਾਨ ਆਗੂ ਨੇ ਕਿਹਾ ਕਿ ਜਿਹੜੇ ਕਿਸਾਨਾਂ ਨੇ ਪਹਿਲਾਂ ਅਰਜ਼ੀਆਂ ਦਿਤੀਆਂ ਸਨ ਨੂੰ ਖੇਤੀ ਸੰਦ ਨਹੀਂ ਮਿਲੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਸਬਸਿਡੀ ਹੜੱਪਣ ਲਈ ਚਹੇਤਿਆਂ ਰਾਹੀਂ ਅਰਜ਼ੀਆਂ ਮੰਗੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਭਰ ’ਚੋਂ ਕੁਲ 62265 ਕਿਸਾਨਾਂ ਨੇ ਅਰਜ਼ੀਆਂ ਦੇ ਕੇ 171264 ਖੇਤੀ ਸੰਦ ਲੈਣ ਲਈ ਅਪਲਾਈ ਕੀਤਾ ਸੀ।
 
 
                     
                
 
	                     
	                     
	                     
	                     
     
     
     
     
     
                     
                     
                     
                     
                    