
ਜੀਂਦ ’ਚ ਕਿਸਾਨਾਂ ਵਲੋਂ ਦੁਸ਼ਯੰਤ ਚੌਟਾਲਾ ਦਾ ਭਾਰੀ ਵਿਰੋਧ, ਜੇਜੇਪੀ ਦਫ਼ਤਰ ਦਾ ਕੀਤਾ ਘਿਰਾਉ
ਜੀਂਦ, 3 ਨਵੰਬਰ : ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇਤਾ ਦੁਸ਼ਯੰਤ ਚੌਟਾਲਾ ਦੇ ਬੁਧਵਾਰ ਨੂੰ ਜੀਂਦ ਪਹੁੰਚਣ ਤੋਂ ਬਾਅਦ ਸੈਂਕੜੇ ਕਿਸਾਨਾਂ ਨੇ ਸ਼ਹਿਰ ਵਿਚ ਜੇਜੇਪੀ ਦਫ਼ਤਰ ਦਾ ਘਿਰਾਉ ਕੀਤਾ। ਖੇਤੀ ਕਾਨੂੰਨਾਂ ਵਿਰੁਧ ਅੰਦੋਲਨ ਕਰ ਰਹੇ ਕਿਸਾਨ ਹਰਿਆਣਾ ਵਿਚ ਭਾਜਪਾ-ਜੇਜੇਪੀ ਆਗੂਆਂ ਵਿਰੁਧ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਜੀਂਦ ਦੇ ਅਰਬਨ ਅਸਟੇਟ ਸਥਿਤ ਜੇਜੇਪੀ ਦਫ਼ਤਰ ਦੇ ਬਾਹਰ ਬੁਧਵਾਰ ਸਵੇਰੇ 12 ਵਜੇ ਤੋਂ ਹੀ ਜ਼ਿਲ੍ਹੇ ਭਰ ਦੇ ਕਿਸਾਨਾਂ ਦਾ ਇਕਠ ਵਧਣਾ ਸ਼ੁਰੂ ਹੋ ਗਿਆ ਤਾਂ ਪੁਲਿਸ-ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ। ਜੇਜੇਪੀ ਦਫ਼ਤਰ ਦੇ ਆਲੇ-ਦੁਆਲੇ ਬੈਰੀਕੇਡ ਲਗਾਉਣ ਤੋਂ ਇਲਾਵਾ ਪੈਰਾ ਮਿਲਟਰੀ ਫੋਰਸ (ਆਈਟੀਬੀਪੀ) ਦੇ ਜਵਾਨ ਤਾਇਨਾਤ ਕੀਤੇ ਗਏ। ਡੀਐਸਪੀ ਜਤਿੰਦਰ ਸਿੰਘ ਅਤੇ ਡੀਐਸਪੀ ਧਰਮਵੀਰ ਖ਼ਰਬ ਤੋਂ ਇਲਾਵਾ ਜੀਂਦ ਦੇ ਏਐਸਪੀ ਨਿਤੀਸ਼ ਅਗਰਵਾਲ ਖੁਦ ਕਿਸਾਨਾਂ ਨੂੰ ਸਮਝਾਉਣ ਲਈ ਮੌਕੇ ’ਤੇ ਪੁੱਜੇ। ਕਿਸਾਨਾਂ ਨੇ ਕਿਹਾ ਕਿ ਉਹ ਦੁਸ਼ਯੰਤ ਚੌਟਾਲਾ ਦਾ ਹਰ ਹਾਲ ’ਤੇ ਵਿਰੋਧ ਕਰਨਗੇ ਅਤੇ ਉਨ੍ਹਾਂ ਨੂੰ ਇਥੇ ਨਹੀਂ ਪਹੁੰਚਣ ਦੇਣਗੇ। ਕਿਸਾਨਾਂ ਵਲੋਂ ਨਾਹਰੇਬਾਜੀ ਕੀਤੀ ਗਈ, ਇਸ ਦੌਰਾਨ ਮਾਹੌਲ ਸਥਿਤੀ ਤਣਾਅਪੂਰਨ ਹੋ ਗਿਆ। ਦਰਅਸਲ ਉਪ ਮੁੱਖ ਮੰਤਰੀ ਦੁਸਯੰਤ ਚੌਟਾਲਾ ਦਾ ਦੁਪਹਿਰ ਨੂੰ ਜੀਂਦ ’ਚ ਸਾਬਕਾ ਵਿਧਾਇਕ ਭਾਗ ਸਿੰਘ ਛੱਤਰ ਦੀ ਰਿਹਾਇਸ ’ਤੇ ਦੁਪਹਿਰ ਦੇ ਖਾਣੇ ਦਾ ਪ੍ਰੋਗਰਾਮ ਸੀ। ਭਾਰੀ ਵਿਰੋਧ ਵਿਚਾਲੇ ਦੁਸ਼ਯੰਤ ਚੌਟਾਲਾ ਪਹੁੰਚੇ। ਇਸ ਦੌਰਾਨ ਭਾਰੀ ਗਿਣਤੀ ਵਿਚ ਕਿਸਾਨ ਸਾਬਕਾ ਵਿਧਾਇਕ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਨਾਹਰੇਬਾਜ਼ੀ ਕੀਤੀ। (ਏਜੰਸੀ)