
ਇੱਕ ਦੀ ਮੌਕੇ 'ਤੇ ਮੌਤ, ਬਜ਼ੁਰਗ ਜ਼ਖਮੀ
ਜਲੰਧਰ : ਜਲੰਧਰ ਤੋਂ ਨਕੋਦਰ ਨੂੰ ਜਾਣ ਵਾਲੇ ਨੈਸ਼ਨਲ ਹਾਈਵੇ 'ਤੇ ਸ਼ੁੱਕਰਵਾਰ ਨੂੰ ਇੱਕ ਹਾਦਸਾ ਵਾਪਰ ਗਿਆ। ਤੇਜ਼ ਰਫਤਾਰ ਕਾਰ ਨੇ ਸਕੂਟੀ 'ਤੇ ਜਾ ਰਹੇ ਦੋ ਬਜ਼ੁਰਗਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਸਕੂਟੀ ਹਵਾ 'ਚ ਉਛਲ ਕੇ ਡਿਵਾਈਡਰ 'ਤੇ ਜਾ ਡਿੱਗੀ। ਹਾਦਸੇ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।
ਜ਼ਖਮੀ ਵਿਅਕਤੀ ਨੂੰ ਤੁਰੰਤ ਇਕ ਵਾਹਨ ਵਿਚ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਹਸਪਤਾਲ ਦੇ ਪ੍ਰਬੰਧਕਾਂ ਨੇ ਜ਼ਖਮੀ ਬਜ਼ੁਰਗ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰਾਈਵੇਟ ਹਸਪਤਾਲ ਦੇ ਪ੍ਰਬੰਧਕਾਂ ਨੇ ਮੁੱਢਲੀ ਸਹਾਇਤਾ ਦਿੱਤੇ ਬਿਨਾਂ ਹੀ ਸਿੱਧਾ ਕਹਿ ਦਿੱਤਾ ਕਿ ਇਹ ਦੁਰਘਟਨਾ ਦਾ ਮਾਮਲਾ ਹੈ, ਸਿਵਲ ਹਸਪਤਾਲ ਲੈ ਜਾਓ।
ਇਸ ਤੋਂ ਬਾਅਦ ਬਜ਼ੁਰਗ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੇ ਬਜ਼ੁਰਗ ਵਿਅਕਤੀ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਉਥੇ ਹੀ ਡਾਕਟਰ ਸ਼ਿਲਪਾ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਬਜ਼ੁਰਗ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਹੈ। ਜਦਕਿ ਮ੍ਰਿਤਕ ਬਜ਼ੁਰਗ ਵਿਅਕਤੀ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।
ਚਸ਼ਮਦੀਦਾਂ ਨੇ ਦੱਸਿਆ ਕਿ ਨਕੋਦਰ ਹਾਈਵੇਅ 'ਤੇ ਕਾਰ ਦੀ ਸਪੀਡ 100 ਤੋਂ ਵੱਧ ਸੀ। ਸਾਹਮਣੇ ਗਲਤ ਸਾਈਡ ਤੋਂ ਸਕੂਟੀ ਆ ਗਈ। ਕਾਰ ਚਾਲਕ ਨੇ ਵੀ ਬ੍ਰੇਕ ਲਗਾਈ ਪਰ ਤੇਜ਼ ਰਫ਼ਤਾਰ ਹੋਣ ਕਾਰਨ ਆ ਰਹੀ ਕਾਰ ਸਕੂਟੀ ਨਾਲ ਟਕਰਾ ਗਈ। ਸਕੂਟੀ ਦੇ ਪਰਖੱਚੇ ਉੱਡ ਗਏ ਅਤੇ ਸਕੂਟੀ 'ਤੇ ਸਵਾਰ ਦੋਵੇਂ ਬਜ਼ੁਰਗ ਪੱਕੀ ਸੜਕ 'ਤੇ ਡਿੱਗ ਪਏ।