
ਜੇਲ੍ਹ ਵਿਭਾਗ ਦੇ ਅਧਿਕਾਰੀ ਜੇਲ੍ਹਾਂ ਅਤੇ ਕੈਦੀਆਂ ਦੀਆਂ ਬੈਰਕਾਂ ਵਿਚ ਲਗਾਤਾਰ ਛਾਪੇਮਾਰੀ ਤੇਜ਼ ਕਰਨ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ
ਚੰਡੀਗੜ੍ਹ - ਪੰਜਾਬ ਵਿਚ ਜੇਲ੍ਹ ਪ੍ਰਬੰਧਨ ਵਿੱਚ ਸੁਧਾਰਾਂ ਦੇ ਦਾਅਵਿਆਂ ਦਰਮਿਆਨ ਕੈਦੀਆਂ ਦੇ ਕਬਜ਼ੇ ਵਿਚੋਂ ਹਰ ਮਹੀਨੇ ਔਸਤਨ 600 ਮੋਬਾਈਲ ਫ਼ੋਨ ਬਰਾਮਦ ਕੀਤੇ ਜਾ ਰਹੇ ਹਨ। ਇਹ ਅੰਕੜੇ ਸੂਬੇ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਰੀ ਕੀਤੇ ਹਨ। ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਵਿਚੋਂ 3600 ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ।
ਉਧਰ, ਜੇਲ੍ਹ ਵਿਭਾਗ ਦੇ ਅਧਿਕਾਰੀ ਜੇਲ੍ਹਾਂ ਅਤੇ ਕੈਦੀਆਂ ਦੀਆਂ ਬੈਰਕਾਂ ਵਿਚ ਲਗਾਤਾਰ ਛਾਪੇਮਾਰੀ ਤੇਜ਼ ਕਰਨ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ ਪਰ ਜੇਲ੍ਹਾਂ ਵਿਚ ਬੰਦ 33000 ਸਜ਼ਾਯਾਫ਼ਤਾ ਕੈਦੀਆਂ ਤੱਕ ਮੋਬਾਈਲ ਫ਼ੋਨ ਕਿਵੇਂ ਪਹੁੰਚ ਰਹੇ ਹਨ, ਇਸ ਬਾਰੇ ਸਿਰਫ਼ ਇੱਕ ਹੀ ਦਲੀਲ ਦਿੱਤੀ ਜਾ ਰਹੀ ਹੈ ਕਿ ਜੇਲ੍ਹ ਦੇ ਬਾਹਰੋਂ ਕੈਦੀਆਂ ਦੇ ਸਾਥੀ ਮੋਬਾਈਲਾਂ ਨੂੰ ਪੈਕਟਾਂ ਵਿਚ ਪਾ ਕੇ ਜੇਲ੍ਹ ਅੰਦਰ ਸੁੱਟ ਦਿੰਦੇ ਹਨ। ਮੋਬਾਈਲ ਫੋਨ ਦੀ ਤਰ੍ਹਾਂ ਨਸ਼ੀਲੇ ਪਦਾਰਥ ਅਤੇ ਹੋਰ ਇਤਰਾਜ਼ਯੋਗ ਵਸਤੂਆਂ ਵੀ ਕੈਦੀਆਂ ਕੋਲ ਪਹੁੰਚ ਰਹੀਆਂ ਹਨ।
ਹਾਲ ਹੀ ਵਿਚ ਜੇਲ੍ਹ ਮੰਤਰੀ ਬੈਂਸ ਨੇ ਅੰਮ੍ਰਿਤਸਰ ਜੇਲ੍ਹ ਦੇ ਅਚਨਚੇਤ ਦੌਰੇ ਦੌਰਾਨ ਇਹ ਵੀ ਕਿਹਾ ਸੀ ਕਿ ਕਈ ਕੈਦੀਆਂ ਦੇ ਕਬਜ਼ੇ ਵਿੱਚੋਂ ਮੋਬਾਈਲ ਫ਼ੋਨ ਮਿਲੇ ਹਨ। ਖ਼ਾਸ ਗੱਲ ਇਹ ਹੈ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿਚ ਕੈਦੀਆਂ ਤੋਂ ਮੋਬਾਈਲ ਫੋਨ ਮਿਲ ਰਹੇ ਹਨ ਅਤੇ ਇਨ੍ਹਾਂ ਦੀ ਵਰਤੋਂ ਨਾ ਸਿਰਫ਼ ਸਖ਼ਤ ਅਪਰਾਧੀ ਸਗੋਂ ਆਮ ਕੈਦੀ ਵੀ ਕਰ ਰਹੇ ਹਨ। ਜੇਲ੍ਹ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਲ੍ਹਾਂ ਵਿਚ ਬੰਦ ਕੈਦੀ ਮੋਬਾਈਲਾਂ ਰਾਹੀਂ ਫਿਰੌਤੀ ਮੰਗਦੇ ਹਨ ਅਤੇ ਆਪਣੇ ਸਾਥੀਆਂ ਨੂੰ ਅਪਰਾਧਿਕ ਗਤੀਵਿਧੀਆਂ ਲਈ ਤਿਆਰ ਕਰਦੇ ਹਨ।
ਜੇਲ੍ਹ ਵਿਭਾਗ ਨੇ ਤਿੰਨ ਮਹੀਨੇ ਪਹਿਲਾਂ ਇੱਕ ਹੁਕਮ ਜਾਰੀ ਕਰਕੇ ਸਾਰੀਆਂ ਜੇਲ੍ਹਾਂ ਵਿਚ ਜੇਲ੍ਹ ਸੁਪਰਡੈਂਟ ਤੋਂ ਇਲਾਵਾ ਕਿਸੇ ਵੀ ਕਰਮਚਾਰੀ ਨੂੰ ਜੇਲ੍ਹ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਮਨਾਹੀ ਕੀਤੀ ਸੀ। ਇਸ ਤਰ੍ਹਾਂ ਵਿਭਾਗ ਜੇਲ੍ਹ ਸਟਾਫ਼ ਵੱਲੋਂ ਕੈਦੀਆਂ ਨੂੰ ਮੋਬਾਈਲ ਫ਼ੋਨ ਮੁਹੱਈਆ ਕਰਵਾਉਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ।
ਜੇਲ੍ਹਾਂ ਵਿਚ ਮੋਬਾਈਲ ਦੀ ਵਰਤੋਂ ਬਾਰੇ ਜੇਲ੍ਹ ਮੰਤਰੀ ਦਾ ਕਹਿਣਾ ਹੈ ਕਿ ਸਾਰੀਆਂ ਜੇਲ੍ਹਾਂ ਵਿਚ ਪੁਰਾਣੇ 2ਜੀ ਜੈਮਰ ਲਗਾਏ ਗਏ ਹਨ, ਜਿਨ੍ਹਾਂ ਨੂੰ ਬਦਲਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਨਵੀਂ ਤਕਨੀਕ ਦੀ ਵਰਤੋਂ ਨਾਲ ਜੇਲ੍ਹਾਂ 'ਚ ਮੋਬਾਈਲਾਂ ਦੀ ਵਰਤੋਂ 'ਤੇ ਆਪਣੇ ਆਪ ਪਾਬੰਦੀ ਲੱਗ ਜਾਵੇਗੀ ਕਿਉਂਕਿ ਨਵੇਂ ਜੈਮਰਾਂ ਕਾਰਨ ਮੋਬਾਈਲ ਸਿਗਨਲ ਕੰਮ ਨਹੀਂ ਕਰਨਗੇ।
ਧਿਆਨਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ 2ਜੀ ਜੈਮਰ ਲੱਗੇ ਹੋਏ ਹਨ ਅਤੇ ਹੁਣ 5ਜੀ ਰੇਡੀਓ ਫ੍ਰੀਕੁਐਂਸੀ ਤਕਨੀਕ ਮਾਰਕੀਟ ਵਿਚ ਆ ਗਈ ਹੈ, ਜਿਸ ਨੂੰ 2ਜੀ ਜੈਮਰ ਨਾਲ ਜਾਮ ਕਰਨਾ ਸੰਭਵ ਨਹੀਂ ਹੈ। ਇਨ੍ਹਾਂ ਜੈਮਰਾਂ ਨੂੰ ਬਦਲਣ ਦੀ ਯੋਜਨਾ ਪਿਛਲੀ ਕੈਪਟਨ ਸਰਕਾਰ ਵੱਲੋਂ ਸਮੇਂ ਸਿਰ ਬਣਾਈ ਗਈ ਸੀ, ਜੋ ਲਾਗੂ ਨਹੀਂ ਹੋ ਸਕੀ।
ਜੇਲ੍ਹ ਦੀ ਹੱਦ ਦੇ ਬਾਹਰੋਂ ਕੈਦੀਆਂ ਤੱਕ ਮੋਬਾਈਲ ਫ਼ੋਨ ਪਹੁੰਚਣ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਨਾਕਾਮ ਰਹੇ ਜੇਲ੍ਹ ਵਿਭਾਗ ਨੇ ਜੇਲ੍ਹ ਦੇ ਮੁੱਖ ਗੇਟ ਤੋਂ ਕਿਸੇ ਵੀ ਇਤਰਾਜ਼ਯੋਗ ਵਸਤੂ ਦੇ ਦਾਖ਼ਲੇ ਨੂੰ ਰੋਕਣ ਲਈ ਢਾਂਚਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਲ੍ਹਾਂ ਵਿਚ ਬਾਡੀ ਸਕੈਨਰ ਲਗਾਏ ਜਾ ਰਹੇ ਹਨ, ਜਿਸ ਤੋਂ ਸਾਰੇ ਕੈਦੀਆਂ ਦੀ ਜਾਂਚ ਕਰਨ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਲੋਕਾਂ ਦੀ ਵੀ ਤਲਾਸ਼ੀ ਲਈ ਜਾਵੇਗੀ। ਜੇਲ੍ਹ ਵਿਭਾਗ ਵੱਲੋਂ ਜੇਲ੍ਹਾਂ ਅੰਦਰ ਗੈਂਗਸਟਰਾਂ ਅਤੇ ਬਦਮਾਸ਼ ਕੈਦੀਆਂ ਲਈ ਬਣਾਏ ਗਏ ਵੱਖਰੇ ਸੈੱਲ ਵਿਚ ਮੋਬਾਈਲਾਂ ਅਤੇ ਹੋਰ ਸਾਮਾਨ ਦੀ ਆਮਦ ’ਤੇ ਤਿੱਖੀ ਨਜ਼ਰ ਰੱਖਣ ਦੀ ਗੱਲ ਕਹੀ ਜਾ ਰਹੀ ਹੈ।
ਜੇਲ੍ਹਾਂ 'ਚ ਟ੍ਰਿੰਨ-ਟ੍ਰਿੰਨ
- 6 ਮਹੀਨਿਆਂ 'ਚ ਪਟਿਆਲਾ ਜੇਲ੍ਹ ਤੋਂ ਮਿਲੇ 450 ਮੋਬਾਇਲ
- ਨਾਭਾ ਜੇਲ੍ਹ ਤੋਂ ਅਕਤੂਬਰ 'ਚ ਮਿਲੇ 37 ਮੋਬਾਇਲ
- ਅੰਮ੍ਰਿਤਸਰ ਜੇਲ੍ਹ 'ਚੋਂ ਹਰ ਰੋਜ਼ ਮਿਲਦੇ ਨੇ 3 ਫ਼ੋਨ
- ਬਠਿੰਡਾ ਜੇਲ੍ਹ ਤੋਂ 1 ਸਾਲ 'ਚ ਮਿਲੇ 37 ਮੋਬਾਇਲ