Punjab News: 48 ਘੰਟਿਆਂ ’ਚ ਪਰਾਲੀ ਸਾੜਨ ਦੇ 400 ਨਵੇਂ ਮਾਮਲੇ ਦਰਜ
Punjab News: ਜਿਥੇ ਪੰਜਾਬ ਵਿਚ ਇਕ ਪਾਸੇ ਅਕਤੂਬਰ ਮਹੀਨੇ ਵਿਚ ਦਰਜ ਅੰਕੜਿਆਂ ਬਾਅਦ ਨਾਸਾ ਵਲੋਂ ਜਾਰੀ ਸੈਟੇਲਾਈਟ ਆਧਾਰਤ ਰੀਪੋਰਟ ਵਿਚ ਪੰਜਾਬ ’ਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ 88 ਫ਼ੀ ਸਦੀ ਕਮੀ ਆਉਣ ਦਾ ਪ੍ਰਗਟਾਵਾ ਹੋਇਆ ਸੀ ਪਰ ਉਥੇ ਦੂਜੇ ਪਾਸੇ ਨਵੰਬਰ ਮਹੀਨਾ ਚੜ੍ਹਦਿਆਂ ਹੀ ਇਕਦਮ ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ਇਕਦਮ ਵਧੇ ਹਨ।
ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਨਵੰਬਰ ਮਹੀਨੇ ਦੇ ਸ਼ੁਰੂ ਵਿਚ 48 ਘੰਟਿਆਂ ਦੇ ਸਮੇਂ ਦੌਰਾਨ 400 ਦੇ ਕਰੀਬ ਪਰਾਲੀ ਸਾੜਨ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਰਫ਼ਤਾਰ ਨਾਲ ਆਉਣ ਵਾਲੇ ਦਿਨਾਂ ਵਿਚ ਪਰਾਲੀ ਸਾੜੀ ਗਈ ਤਾਂ ਸ਼ਾਇਦ 88 ਫ਼ੀ ਸਦੀ ਕਮੀ ਦੇ ਅੰਕੜੇ ਦੇ ਬਿਲਕੁਲ ਉਲਟ ਸਥਿਤੀ ਬਣ ਜਾਵੇ। ਅਕਤੂਬਰ ਮਹੀਨੇ ਦੇ ਅੰਕੜਿਆਂ ਵਿਚ ਕਮੀ ਦਾ ਕਾਰਨ ਸ਼ਾਇਦ ਝੋਨੇ ਦੀ ਖ਼ਰੀਦ ਦੀ ਰਫ਼ਤਾਰ ਮੱਠੀ ਹੋਈ ਸੀ ਅਤੇ ਕਿਸਾਨਾਂ ਨੇ ਕਟਾਈ ਰੋਕੀ ਹੋਈ ਸੀ।
ਹੁਣ ਖ਼ਰੀਦ ਵਿਚ ਤੇਜ਼ੀ ਆਉਣ ਬਾਅਦ ਰਹਿੰਦੀ ਕਟਾਈ ਵਿਚ ਵੀ ਤੇਜ਼ੀ ਆਈ ਹੈ ਅਤੇ ਨਾਲ ਹੀ ਪਰਾਲੀ ਸਾੜਨ ਦੇ ਮਾਮਲੇ ਵੀ ਤੇਜ਼ੀ ਫੜਨ ਲੱਗੇ ਹਨ। ਹੁਣ ਪੁਲਿਸ ਵੀ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਪਰਾਲੀ ਸੜਨ ਤੋਂ ਰੋਕਣ ਲਈ ਖ਼ੁਦ ਐਕਸ਼ਨ ਵਿਚ ਆਉਂਦਿਆਂ ਖੇਤਾਂ ਤਕ ਪਹੁੰਚੀ ਹੈ। ਜਿਥੇ ਪੁਲਿਸ ਅਧਿਕਾਰੀ ਖ਼ੁਦ ਪਰਾਲੀ ਨੂੰ ਲੱਗੀ ਅੱਗ ਬੁਝਾਉਂਦੇ ਦੇਖੇ ਜਾ ਸਕਦੇ ਹਨ, ਉਥੇ ਕਿਸਾਨਾਂ ਵਿਰੁਧ ਪੁਲਿਸ ਕੇਸ ਵੀ ਦਰਜ ਕਰ ਰਹੀ ਹੈ।
ਮਾਲ ਵਿਭਾਗ ਕਿਸਾਨਾਂ ਦੇ ਮਾਲ ਰਿਕਾਰਡ ਵਿਚ ਰੈੱਡ ਐਂਟਰੀਆਂ ਕਰਨ ਤੋਂ ਇਲਾਵਾ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਹੁਣ ਤਾਂ ਜ਼ਿਲ੍ਹਿਆਂ ਵਿਚ ਡਿਪਟੀ ਕਮਿਸ਼ਨਰਾਂ ਨੇ ਪਰਾਲੀ ਰੋਕਣ ਦੇ ਮਾਮਲਿਆਂ ਵਿਚ ਕੋਤਹਾਲੀ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿਰੁਧ ਵੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਫ਼ਿਰੋਜ਼ਪੁਰ ਵਿਚ ਡਿਪਟੀ ਕਮਿਸ਼ਨਰ ਨੇ ਕਈ ਮੁਲਾਜ਼ਮ ਮੁਅੱਤਲ ਕੀਤੇ ਹਨ।
ਪਰਾਲੀ ਸਾੜਨ ਦੇ ਪਿਛਲੇ ਸਮਿਆਂ ’ਤੇ ਨਜ਼ਰ ਮਾਰੀਏ ਤਾਂ 2016 ਵਿਚ ਇਹ ਸਿਲਸਿਲਾ ਸਿਖਰ ’ਤੇ ਸੀ ਜਦੋਂ ਪਰਾਲੀ ਸਾੜਨ ਦੇ 35,336 ਮਾਮਲੇ ਦਰਜ ਕੀਤੇ ਗਏ ਸਨ। 2022 ਵਿਚ 15,285 ਘਟਨਾਵਾਂ ਦਰਜ ਹੋਈਆਂ ਸਨ।
ਅਕਤੂਬਰ ਮਹੀਨੇ ਦੀ ਗੱਲ ਕਰੀਏ ਤਾਂ ਇਸ ਵਾਰ 2342 ਘਟਨਾਵਾਂ ਦਰਜ ਹੋਈਆਂ ਜਦਕਿ ਪਿਛਲੇ ਸਾਲ 6,962 ਸਨ। ਹੁਣ ਝੋਨੇ ਦੀ ਖ਼ਰੀਦ ਵਿਚ ਤੇਜ਼ੀ ਆਉਣ ਬਾਅਦ ਕਣਕ ਦੀ ਬਿਜਾਈ ਦਾ ਸਮਾਂ ਲੰਘਣ ਦੇ ਡਰੋਂ ਕਿਸਾਨਾਂ ਨੂੰ ਪਰਾਲੀ ਦਾ ਤੁਰਤ ਨਿਪਟਾਰਾ ਕਰਨ ਲਈ ਮਜਬੂਰ ਹੋਣਾ ਪਵੇਗਾ ਅਤੇ ਛੋਟੇ ਕਿਸਾਨਾਂ ਨੂੰ ਪ੍ਰਬੰਧਾਂ ਦੀਆਂ ਘਾਟ ਅਤੇ ਮਹਿੰਗੀਆਂ ਮਸ਼ੀਨਾਂ ਪਹੁੰਚ ਤੋਂ ਦੂਰ ਹੋਣ ਕਾਰਨ ਪਰਾਲੀ ਸਾੜਨ ਦੀਆਂ ਮਜਬੂਰ ਹੋਣਾ ਪਵੇਗਾ।
ਜ਼ਿਕਰਯੋਗ ਹੈ ਕਿ ਜਿਥੇ ਨਵੰਬਰ ਮਹੀਨੇ ਪਰਾਲੀ ਸਾੜਨ ਦੇ ਮਾਮਲੇ ਇਕਦਮ ਵਧੇ ਹਨ, ਉਥੇ ਦੋ ਦਿਨ ਦੀ ਦੀਵਾਲੀ ਵਿਚ ਨਿਯਮਾਂ ਦੀ ਧੱਜੀਆਂ ਉਡਾ ਕੇ ਚਲੇ ਪਟਾਕਿਆਂ ਦੇ ਫੈਲੇ ਪ੍ਰਦੂਸ਼ਣ ਨੇ ਹਵਾ ਕਾਫ਼ੀ ਖ਼ਰਾਬ ਕੀਤੀ ਹੈ। ਹਵਾ ਗੁਣਵੱਤਾ ਦਾ ਪੱਧਰ ਤਾਂ ਪੰਜਾਬ ਵਿਚ ਇਸ ਸਮੇਂ ਕਈ ਥਾਵਾਂ ’ਤੇ 400 ਤੋਂ ਪਾਰ ਕਰ ਚੁੱਕਾ ਹੈ।