
ਅਪਰਾਧਕ ਗਰੋਹ ਨਕਲੀ ਕੋਵਿਡ-19 ਟੀਕਾ ਵੇਚ ਸਕਦੈ: ਇੰਟਰਪੋਲ ਚੇਤਾਵਨੀ
ਲੋਕਾਂ ਦੀ ਸਿਹਤ ਅਤੇ ਜਾਨ ਨੂੰ ਹੋ ਸਕਦੈ ਖ਼ਤਰਾ: ਇੰਟਰਪੋਲ ਦੇ ਸਕੱਤਰ
ਨਵੀਂ ਦਿੱਲੀ, 3 ਦਸੰਬਰ : ਇੰਟਰਪੋਲ ਨੇ ਦੁਨੀਆਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਚੇਤਾਵਨੀ ਦਿਤੀ ਹੈ ਕਿ ਸੰਗਠਿਤ ਅਪਰਾਧ ਗਰੋਹ ਕੋਵਿਡ-19 ਦੇ ਨਕਲੀ ਟੀਕਿਆਂ ਦਾ ਪ੍ਰਚਾਰ ਕਰ ਸਕਦੇ ਹਨ ਅਤੇ ਇਨ੍ਹਾਂ ਨੂੰ ਸਿੱਧੇ ਜਾਂ ਇੰਟਰਨੈੱਟ ਰਾਹੀਂ ਵੇਚ ਸਕਦੇ ਹਨ।
ਇੰਟਰਪੋਲ ਨੇ ਬੁਧਵਾਰ ਨੂੰ ਸਾਰੇ 194 ਮੈਂਬਰ ਦੇਸ਼ਾਂ ਨੂੰ ਆਰੇਂਜ ਨੋਟਿਸ ਜਾਰੀ ਕਰਦਿਆਂ ਕਿਹਾ ਹੈ ਕਿ ਕੋਵਿਡ-19 ਅਤੇ ਫਲੂ ਦੇ ਨਕਲੀ ਟੀਕੇ ਤਿਆਰ ਕੀਤੇ ਜਾ ਸਕਦੇ ਹਨ, ਚੋਰੀ ਅਤੇ ਗ਼ੈਰ ਕਾਨੂੰਨੀ ਢੰਗ ਨਾਲ ਪ੍ਰਚਾਰ ਕੀਤਾ ਜਾ ਸਕਦਾ ਹੈ। ਇੰਟਰਪੋਲ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਵਿਚ ਜਾਅਲੀ ਟੀਕਿਆਂ ਦੀ ਪ੍ਰੋਮੋਸ਼ਨ, ਵਿਕਰੀ ਅਤੇ ਨਕਲੀਕਰਨ ਸ਼ਾਮਲ ਹੈ।
ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰੇ ਵਾਲੇ ਵਿਅਕਤੀ, ਵਸਤੂ ਜਾਂ ਅਯੋਜਨ ਦੀ ਚੇਤਾਵਨੀ ਦੇਣ ਲਈ ਇੰਟਰਪੋਲ 'ਓਰੇਂਜ ਨੋਟਿਸ' ਜਾਰੀ ਕਰਦਾ ਹੈ। ਭਾਰਤ ਵਿਚ ਸੀਬੀਆਈ ਇੰਟਰਪੋਲ ਨਾਲ ਤਾਲਮੇਲ ਵਿਚ ਕੰਮ ਕਰਦੀ ਹੈ। ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਬ੍ਰਿਟੇਨ ਪਛਮੀ ਦੇਸ਼ਾਂ ਵਿਚ ਕੋਵਿਡ -19 ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇੰਟਰਪੋਲ ਨੇ ਪੁਲਿਸ ਸੰਗਠਨਾਂ ਨੂੰ “ਸਪਲਾਈ ਚੇਨ” ਸੁਰੱਖਿਅਤ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸੰਗਠਨ ਨੇ ਜਾਅਲੀ ਉਤਪਾਦਾਂ ਨੂੰ ਵੇਚਣ ਵਾਲੀਆਂ ਗ਼ੈਰਕਾਨੂੰਨੀ ਵੈੱਬਸਾਈਟਾਂ ਦੀ ਪਛਾਣ ਕਰਨ ਲਈ ਵੀ ਕਿਹਾ ਹੈ
ਇੰਟਰਪੋਲ ਦੇ ਸਕੱਤਰ ਜਨਰਲ ਜੁਰਗੇਨ ਸਟਾਕ ਨੇ ਇਕ ਬਿਆਨ ਵਿਚ ਕਿਹਾ ਕਿ ਅਪਰਾਧਕ ਗਰੋਹ ਨਕਲੀ ਵੈੱਬਸਾਈਟਾਂ ਅਤੇ ਝੂਠੇ ਇਲਾਜ ਦੇ ਦਾਅਵਿਆਂ ਨਾਲ ਲੋਕਾਂ ਨੂੰ ਅਪਣਾ ਨਿਸ਼ਾਨਾ ਬਣਾ ਸਕਦੇ ਹਨ। ਇਸ ਨਾਲ ਲੋਕਾਂ ਦੀ ਸਿਹਤ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਕਾਨੂੰਨ ਅਤੇ ਵਿਵਸਥਾ ਏਜੰਸੀਆਂ ਕੋਵਿਡ-19 ਟੀਕੇ ਨਾਲ ਸਬੰਧਤ ਅਪਰਾਧਕ ਕਾਰਵਾਈਆਂ ਲਈ ਤਿਆਰ ਰਹਿਣ, ਇਸ ਲਈ ਇੰਟਰਪੋਲ ਨੇ ਇਹ ਚੇਤਾਵਨੀ ਜਾਰੀ ਹੈ। (ਪੀਟੀਆਈ)