
ਸੜੇ ਹੋਏ ਅੰਗਾਂ ਨੂੰ ਪੂਰੇ ਸਤਿਕਾਰ ਨਾਲ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ
ਮਲੇਰਕੋਟਲਾ - ਸਬ ਡਵੀਜ਼ਨ ਅਹਿਮਦਗੜ੍ਹ ਦੇ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਹੈਦਰਨਗਰ ਵਿਖੇ ਵਾਪਰੀ ਇਕ ਘਟਨਾ 'ਚ ਕਿਸੇ ਸ਼ਰਾਰਤੀ ਅਨਸਰ ਨੇ ਸ੍ਰੀ ਸੁਖਮਨੀ ਸਾਹਿਬ ਦੇ ਗੁਟਕੇ ਦੇ ਪਵਿੱਤਰ ਅੰਗਾਂ ਨੂੰ ਪਾੜ ਕੇ ਨਾਲੀ 'ਚ ਸੁੱਟ ਦਿੱਤਾ। ਘਟਨਾ ਦਾ ਪਤਾ ਪਿੰਡ ਦੇ ਇਕ ਬਜ਼ੁਰਗ ਕਮਲਜੀਤ ਸਿੰਘ ਨੂੰ ਕਰੀਬ ਸ਼ਾਮ 4 ਵਜੇ ਉਸ ਵੇਲੇ ਲੱਗਿਆ ਜਦੋਂ ਉਹ ਸੈਰ ਲਈ ਘਰੋਂ ਬਾਹਰ ਨਿਕਲਿਆ।
ਸੂਚਨਾ ਮਿਲਦਿਆਂ ਹੀ ਐੱਸ.ਪੀ.ਮਾਲੇਰਕੋਟਲਾ ਗੁਰਪ੍ਰੀਤ ਕੌਰ ਪੁਰੇਵਾਲ, ਡੀ.ਐੱਸ.ਪੀ. ਅਹਿਮਦਗੜ੍ਹ ਰਾਜਨ ਸ਼ਰਮਾ, ਡੀ.ਐੱਸ.ਪੀ. ਇੰਟੈਲੀਜੈਂਸ ਸੰਗਰੂਰ ਚਰਨਪਾਲ ਸਿੰਘ ਮਾਂਗਟ ਅਤੇ ਥਾਣਾ ਅਮਰਗੜ੍ਹ ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਗੁਰਦੁਆਰਾ ਹਾਅ ਦਾ ਨਾਅਰਾ ਮਾਲੇਰਕੋਟਲਾ ਦੇ ਮੁੱਖ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਪਵਿੱਤਰ ਅੰਗਾਂ ਨੂੰ ਇਕੱਠਾ ਕਰ ਕੇ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਭੇਜ ਦਿੱਤਾ।
Gutka Sahib was insulted by mischievous miscreants at Hydernagar
ਜਾਣਕਾਰੀ ਮੁਤਾਬਕ ਬਜ਼ੁਰਗ ਕਮਲਜੀਤ ਸਿੰਘ ਜਿਉਂ ਹੀ ਸੈਰ ਲਈ ਆਪਣੇ ਘਰ ਤੋਂ ਬਾਹਰ ਨਿਕਲਿਆ ਤਾਂ ਨਾਲੀ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਏ ਪੰਨੇ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਪਿੰਡ ਵਾਸੀਆਂ ਰਾਹੀਂ ਪੁਲਸ ਨੂੰ ਦਿੱਤੀ। ਪਤਾ ਲੱਗਦਿਆਂ ਹੀ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਮਾਲੇਰਕੋਟਲਾ ਦੇ ਹੈੱਡ ਗ੍ਰੰਥੀ ਭਾਈ ਨਰਿੰਦਰਪਾਲ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਭਾਈ ਨਰਿੰਦਰਪਾਲ ਸਿੰਘ ਮੁਤਾਬਕ ਫਟੇ ਹੋਏ ਕੁਝ ਅੰਗ ਨਾਲੀ 'ਚੋਂ ਮਿਲੇ ਹਨ ਅਤੇ ਕੁਝ ਅੰਗ ਇਕ ਘਰ ਦੀ ਛੱਤ ਤੋਂ ਬਰਾਮਦ ਹੋਏ ਹਨ।
ਇਨ੍ਹਾਂ ਅੰਗਾਂ 'ਚ ਕੁਝ ਅੰਗਾਂ ਦੇ ਸਾੜੇ ਹੋਏ ਟੁਕੜੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੰਗਾਂ ਨੂੰ ਪੂਰੇ ਸਤਿਕਾਰ ਨਾਲ ਗੁਰਦੁਆਰਾ ਹਾਅ ਦਾ ਨਾਅਰਾ ਸਾਹਿਬ ਵਿਖੇ ਲਿਜਾਇਆ ਗਿਆ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਅਹਿਮਦਗੜ੍ਹ ਰਾਜਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਮੌਕੇ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕੇ ਦੇ 20 ਤੋਂ ਵੱਧ ਅੰਗ ਬਰਾਮਦ ਕੀਤੇ ਹਨ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।
Gutka Sahib was insulted by mischievous miscreants at Hydernagar
ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਘਿਨੌਣੀ ਹਰਕਤ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਮੌਕੇ ਤੋਂ ਪ੍ਰਾਪਤ ਵੇਰਵਿਆਂ ਮੁਤਾਬਕ ਰਾਜ ਰਾਣੀ ਨਾਂ ਦੀ ਇਕ ਵਿਧਵਾ ਔਰਤ ਦੇ ਘਰ 'ਤੇ ਛੋਟੀ ਜਿਹੀ ਪਰਚੂਨ ਦੀ ਦੁਕਾਨ ਅੱਗਿਓਂ ਅਤੇ ਛੱਤ ਤੋਂ ਬਰਾਮਦ ਹੋਏ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਇੱਥੇ ਕਿਵੇਂ ਪਹੁੰਚੇ ਅਤੇ ਇਨ੍ਹਾਂ ਦੀ ਬੇਅਦਬੀ ਪਿੱਛੇ ਕਿਹੜੇ ਸ਼ਰਾਰਤੀ ਦਾ ਹੱਥ ਹੈ , ਇਸ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ।