
ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਚੱਲ ਪਏ ਹਨ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ ਸਮੇਤ ਕਈ ਰਾਜਾਂ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 9ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਧਰਨੇ ਪ੍ਰਦਰਸ਼ਨ ਦੌਰਾਨ ਦਿੱਲੀ-ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਲਗਪਗ ਦਰਜਨਾਂ ਬਾਰਡਰ ਸੀਲ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਵਾਜਾਈ ’ਚ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਨਾਲ ਦਿੱਲੀ 'ਤੇ ਬੋਲਿਆ ਧਾਵਾ
-ਪਰ ਹੁਣ ਇਸ ਧਰਨੇ ਪ੍ਰਦਰਸ਼ਨ ਵਿੱਚ ਮੋਦੀ ਸਰਕਾਰ ਲਈ ਮੁਸੀਬਤ ਵਧਦੀ ਜਾ ਰਹੀ ਹੈ ਕਿਉਂਕਿ ਦੂਜੇ ਰਾਜਾਂ ਦੇ ਕਿਸਾਨਾਂ ਨੇ ਵੀ ਟਰੈਕਟਰ-ਟਰਾਲੀਆਂ ਨਾਲ ਦਿੱਲੀ 'ਤੇ ਧਾਵਾ ਬੋਲ ਦਿੱਤਾ ਹੈ। ਯੂਪੀ, ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ਕਿਸਾਨ ਦਿੱਲੀ ਵੱਲ ਚੱਲ ਪਏ ਹਨ।
ਮੱਧ ਪ੍ਰਦੇਸ਼ ਦੇ ਕਿਸਾਨ
ਦਿੱਲੀ ਵੱਲ ਜਾ ਰਹੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਅੱਜ ਸ਼ੁੱਕਰਵਾਰ ਸਵੇਰ ਤੋਂ ਰਾਸ਼ਟਰੀ ਰਾਜਮਾਰਗ-19 ਉੱਤੇ ਡੇਰੇ ਲਾ ਦਿੱਤੇ ਹਨ ਕਿਉਂਕਿ ਪਲਵਲ ਪੁਲਿਸ ਨੇ ਕੇਐਮਪੀ ਐਕਸਪ੍ਰੈਸ ਤੋਂ ਪਹਿਲਾਂ ਕਿਸਾਨਾਂ ਨੂੰ ਰੋਕ ਲਿਆ ਹੈ। ਟ੍ਰੈਕਟਰਾਂ-ਟ੍ਰਾਲੀਆਂ ਉੱਤੇ ਸਵਾਰ ਸੈਂਕੜੇ ਕਿਸਾਨ ਹਾਈਵੇਅ ਉੱਤੇ ਜਮ੍ਹਾ ਹਨ। ਉੱਧਰ ਪੁਲਿਸ ਵੀ ਆਪਣੀਆਂ ਪਾਣੀ ਦੀਆਂ ਬੁਛਾੜਾਂ ਲੈ ਕੇ ਤਿਆਰ ਖੜ੍ਹੀ ਹੈ।
kisan protest
ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਬਾਰਡਰ ਬੰਦ
ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ 7ਵੇਂ ਦਿਨ ਵੀਰਵਾਰ ਨੂੰ ਵੀ ਦਿੱਲੀ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਜ਼ਿਆਦਾਤਰ ਬਾਰਡਰ ਬੰਦ ਰਹੇ। ਗ਼ਾਜ਼ੀਆਬਾਦ ਤੋਂ ਦਿੱਲੀ ਵੱਲ ਆਉਣ ਵਾਲੇ ਮੇਰਠ-ਦਿੱਲੀ ਐਸਪ੍ਰੈੱਸਵੇਅ ਨੂੰ ਕਿਸਾਨਾਂ ਨੇ ਵੀਰਵਾਰ ਸਵੇਰੇ ਹੀ ਬੰਦ ਕਰ ਦਿੱਤਾ ਸੀ ਪਰ ਉਨ੍ਹਾਂ ਮਰੀਜ਼ਾਂ ਨੂੰ ਲਿਜਾ ਰਹੀ ਐਂਬੂਲੈਂਸ ਨੂੰ ਨਹੀਂ ਰੋਕਿਆ।