
ਚੀਫ਼ ਕਮਿਸ਼ਨਰ ਦਾ ਦਫ਼ਤਰ ਤਿਆਰ ਹੋਣਾ ਸ਼ੁਰੂ
ਚੰਡੀਗੜ੍ਹ, 3 ਦਸੰਬਰ (ਜੀ.ਸੀ. ਭਾਰਦਵਾਜ) : ਦੋ ਮਹੀਨੇ ਪਹਿਲਾਂ ਸੇਵਾ ਮੁਕਤ ਜੱਜ, ਜਸਟਿਸ ਐਸਐਸ ਸਾਰੋਂ ਦੀ ਹੋਈ ਨਿਯੁਕਤੀ, ਬਤੌਰ ਚੀਫ਼ ਕਮਿਸ਼ਨਰ, ਗੁਰਦਵਾਰਾ ਚੋਣਾਂ, ਉਪਰੰਤਅੱਜ ਉਨ੍ਹਾਂ ਲਈ ਤੈਅ ਸ਼ੁਦਾ ਦਫ਼ਤਰ ਸੈਕਟਰ 17 ਦੀ ਸਾਫ਼ ਸਫ਼ਾਈ ਕਰਨ, ਕਮਰਿਆਂ ਦੀ ਸੈਟਿੰਗ, ਫ਼ਰਨੀਚਰ ਆਦਿ ਲਈ ਟੈਂਡਰ ਅਤੇ 9 ਸਾਲਾਂ ਤੋਂ ਬੰਦ ਪਏ ਦੋਨਾਂ ਮੰਜ਼ਲਾਂ ਦੀ ਟੁੱਟ ਭੱਜ ਦੀ ਮੁਰੰਮਤ ਵਗੈਰਾ ਆਰੰਭ ਹੋ ਗਈ ਹੈ।
ਜਸਟਿਸ ਸਾਰੋਂ ਜਿਨ੍ਹਾਂ ਅਜੇ ਚਾਰਜ ਨਹੀਂ ਸੰਭਾਲਿਆ, ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਗ੍ਰਹਿ ਵਿਭਾਗ ਦੇ ਵਿਸ਼ੇਸ਼ ਸਕੱਤਰ ਦਵਿੰਦਰ ਸਿੰਘ ਮੁਤਾਬਕ ਅਜੇ ਬੈਠਣ ਯੋਗ ਕਮਰੇ ਬਣਾਉਣ ਅਤੇ ਕੰਪਿਊਟਰ, ਟੈਲੀਫ਼ੋਨ, ਸਟਾਫ਼ ਆਦਿ ਦੀ ਤੈਨਾਤੀ ਨੂੰ ਮਹੀਨਾ ਭਰ ਲੱਗ ਸਕਦਾ ਹੈ ਅਤੇ ਨਵੇਂ ਸਾਲ ਤੋਂ ਹੀ ਕੰਮ ਸ਼ੁਰੂ ਹੋਣਾ ਹੈ। ਇਸ ਵਿਚ ਸਿੱਖ ਨੇਤਾਵਾਂ, ਸਿੱਖ ਜਥੇਬੰਦੀਆਂ ਅਤੇ ਹੋਰ ਅਧਿਕਾਰੀਆਂ ਨਾਲ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀਆਂ ਚੋਣਾਂ ਵਾਸਤੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਬਾਰੇ ਚਰਚਾ ਕਰਨਾ ਸ਼ਾਮਲ ਹੈ।
ਜਸਟਿਸ ਸਾਰੋਂ ਨੇ ਕਿਹਾ ਕਿ ਚੋਣਾਂ ਸਬੰਧੀ ਸਿੱਖ ਵੋਟਰਾਂ ਵਾਸਤੇ 21 ਸਾਲ ਦੀ ਉਮਰ ਦੀ ਬਜਾਇ 18 ਸਾਲ ਕਰਨਾ, ਵੋਟਰ ਫ਼ਾਰਮ ਵਿਚ ਤੈਅ ਸ਼ੁਦਾ ਸ਼ਰਤਾਂ ਵਿਚ ਕੋਈ ਨਰਮੀ ਜਾਂ ਸਖ਼ਤੀ ਕਰਨ ਜਾਂ ਸਿੱਖ ਵੋਟਰਾਂ ਦੇ ਫ਼ੋਟੋ ਵਾਲੇ ਕਾਰਡ ਬਣਾਉਣ ਅਤੇ ਕੋਈ ਹੋਰ ਅਦਲਾ ਬਦਲੀ ਸਬੰਧੀ ਫ਼ੈਸਲਾ, ਸਿੱਖ ਜਥੇਬੰਦੀਆਂ ਦੀ ਬੇਨਤੀ ਸੁਝਾਅ ਅਤੇ ਸਿਫ਼ਾਰਸ਼ 'ਤੇ ਗੁਰਦਵਾਰਾ ਐਕਟ ਵਿਚ ਦਰਜ ਧਾਰਾਵਾਂ ਦੇ ਆਧਾਰ 'ਤੇ ਹੀ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਦੀ ਮਨਜੂਰੀ ਨਾਲ ਹੀ ਲਿਆ ਜਾਵੇਗਾ।
ਸਹਿਜਧਾਰੀ ਸਿੱਖ ਵੋਟਰਾਂ ਅਤੇ ਹਰਿਆਣਾ ਦੀ ਵਖਰੀ ਕਮੇਟੀ ਦੇ ਹਾਈ ਕੋਰਟ, ਸੁਪਰੀਮ ਕੋਰਟ ਅਤੇ ਮੌਜੂਦਾ ਸ਼੍ਰੋਮਣੀ ਕਮੇਟੀ ਵਲੋਂ ਵੀ ਦਰਜ ਅਦਾਲਤੀ ਕੇਸਾਂ ਸਬੰਧੀ ਪੁੱਛੇ ਸੁਆਲਾਂ ਦਾ ਜੁਆਬ ਦਿੰਦੇ ਹੋਏ ਜਸਟਿਸ ਸਾਰੋਂ ਨੇ ਕਿਹਾ ਕਿ ਉਨ੍ਹਾਂ ਦੋਨੋ ਕੇਸ ਅਤੇ ਅਦਾਲਤ ਵਲੋਂ ਦਿਤੇ ਫ਼ੈਸਲੇ ਪੜ੍ਹ ਲਏ ਹਨ, ਅਜੇ ਚੋਣ ਪ੍ਰਕਿਰਿਆ ਵਿਚ ਕੋਈ ਬੰਦਸ਼ ਨਹੀਂ ਲੱਗੀ ਹੈ ਅਤੇ ਕਾਫੀ ਸਮਾਂ ਤਾਂ ਵੋਟਾਂ ਬਣਾਉਣ ਵਿਚ ਹੀ ਲੰਗਣਾ ਹੈ। ਚੋਣਾਂ ਦੀ ਤਰੀਕ ਤਾਂ ਬਾਅਦ ਵਿਚ ਤੈਅ ਕੀਤੀ ਜਾਣੀ ਹੈ।
image