
ਡਾਕਟਰਾਂ ਨੇ ਵਿਦਿਆ ਕੌਰ ਦੀ ਹਾਲਤ ਨੂੰ ਦੇਖਿਆ ਅਤੇ ਸੈਕਟਰ-32 ਦੇ ਹਸਪਤਾਲ ’ਚ ਰੈਫ਼ਰ ਕਰ ਦਿਤਾ...
ਮੋਰਿੰਡਾ: ਨਜ਼ਦੀਕੀ ਪਿੰਡ ਬਡਵਾਲੀ ਵਿਖੇ ਖੇਤਾਂ ਵਿਚੋਂ ਪੱਠੇ ਲੈਣ ਗਈ ਔਰਤ ’ਤੇ ਇਕ ਆਵਾਰਾ ਕੁੱਤੇ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਪੀੜਤ ਔਰਤ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਚ ਇਲਾਜ ਕਰਵਾਉਣਾ ਪਿਆ।
ਘਟਨਾ ਸਬੰਧੀ ਪੀੜਤ ਔਰਤ ਵਿਦਿਆ ਕੌਰ (60) ਦੇ ਪਤੀ ਸੰਤ ਰਾਮ ਸਿੰਘ ਵਾਸੀ ਪਿੰਡ ਬਡਵਾਲੀ ਨੇ ਦੱਸਿਆ ਕਿ ਬੀਤੇ ਦਿਨੀਂ ਵਿਦਿਆ ਕੌਰ ਖੇਤਾਂ ਵਿਚੋਂ ਪੱਠੇ ਲੈਣ ਗਈ ਸੀ, ਜਿਥੇ ਇਕ ਆਵਾਰਾ ਕੁੱਤੇ ਨੇ ਵਿਦਿਆ ਕੌਰ ’ਤੇ ਹਮਲਾ ਕਰ ਕੇ ਪਿੱਠ ’ਤੇ ਡੂੰਘੇ ਬੁਰਕ ਮਾਰੇ। ਕੁੱਤਾ ਐਨਾ ਖਤਰਨਾਕ ਸੀ ਕਿ ਲਾਗਲੇ ਖੇਤ ਵਿਚ ਕੰਮ ਕਰਦੇ ਇਕ ਵਿਅਕਤੀ ਨੇ ਕੁੱਤੇ ਨੂੰ ਡਾਂਗਾਂ ਮਾਰ ਕੇ ਵਿਦਿਆ ਕੌਰ ਨੂੰ ਬਚਾਇਆ।
ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀ ਹੋਈ ਵਿਦਿਆ ਕੌਰ ਨੂੰ ਸਿਵਲ ਹਸਪਤਾਲ ਮੋਰਿੰਡਾ ਲੈ ਕੇ ਗਏ, ਜਿਥੋਂ ਡਾਕਟਰਾਂ ਨੇ ਕੁੱਝ ਟੀਕੇ ਲਾ ਕੇ ਵਾਪਸ ਭੇਜ ਦਿੱਤਾ। ਸੰਤ ਰਾਮ ਸਿੰਘ ਨੇ ਦੱਸਿਆ ਕਿ ਘਰ ਆ ਕੇ ਵਿਦਿਆ ਕੌਰ ਦੀ ਸਿਹਤ ਹੋਰ ਖ਼ਰਾਬ ਹੋ ਗਈ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਹਾਲੀ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਵਿਦਿਆ ਕੌਰ ਦੀ ਹਾਲਤ ਨੂੰ ਦੇਖਿਆ ਅਤੇ ਸੈਕਟਰ-32 ਦੇ ਹਸਪਤਾਲ ’ਚ ਰੈਫ਼ਰ ਕਰ ਦਿਤਾ।
ਸੰਤ ਰਾਮ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿਚ ਫਿਰਦੇ ਅਤੇ ਹੱਡਾ ਰੋੜੀਆਂ ਵਿਚ ਰਹਿੰਦੇ ਆਵਾਰਾ ਕੁੱਤਿਆਂ ਤੋਂ ਆਮ ਲੋਕਾਂ ਦਾ ਜੀਵਨ ਬਚਾਇਆ ਜਾਵੇ।
1