
ਸਹੁਰੇ ਪਰਿਵਾਰ 'ਤੇ ਲੱਗੇ ਦਾਜ ਮੰਗਣ ਤੇ ਕੁੱਟਮਾਰ ਕਰਨ ਦੇ ਇਲਜ਼ਾਮ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿਚ ਇਕ ਵਿਆਹੁਤਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਹੁਰੇ ਪਰਿਵਾਰ ਤੋਂ ਤੰਗ ਹੋ ਕੇ ਇਹ ਖੌਫ਼ਨਾਕ ਕਦਮ ਚੁੱਕਿਆ ਹੈ। ਜਾਣਕਾਰੀ ਅਨੁਸਾਰ ਵਿਆਹੁਤਾ ਫ਼ਾਹਾ ਲਗਾ ਕੇ ਜਾਨ ਦੇ ਦਿੱਤੀ ਅਤੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ ਹੈ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਜੁੜਵਾ ਬੱਚੇ ਇਕ ਕੁੜੀ ਅਤੇ ਇਕ ਮੁੰਡਾ ਹਨ।
ਮ੍ਰਿਤਕ ਦਾ ਘਰਵਾਲਾ ਇਸ ਸਮੇਂ ਅਮਰੀਕਾ ਵਿਚ ਹੈ। ਕੁੜੀ ਦੇ ਪੇਕੇ ਪਰਿਵਾਰ ਨੇ ਸਹੁਰਿਆਂ ਤੇ ਦਾਜ ਮੰਗਣ ਅਤੇ ਮਾਰਕੁੱਟ ਕਰਨ ਦੇ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਮ੍ਰਿਤਕ ਦੀ ਸੱਸ ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਰਾਸਰ ਝੂਠ ਕਰਾਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਹੈ ਅਤੇ ਕਾਰਵਾਈ ਦਾ ਭਰੋਸਾ ਦਿੱਤਾ ਹੈ।