
ਸੰਗਰੂਰ ਜ਼ਿਲ੍ਹੇ ’ਚ 164, ਬਰਨਾਲਾ ’ਚ 74, ਮੋਗਾ ਵਿਚ 100, ਫਰੀਦਕੋਟ ’ਚ 80, ਫਿਰੋਜ਼ਪੁਰ ਵਿਚ 78 ਤੇ ਤਰਨਤਾਰਨ ’ਚ ਕਰੀਬ 35 ਜੋੜੀਆਂ ਕਰ ਰਹੀਆਂ ਇਸ ਸ਼ਗਨ ਦੀ ਉਡੀਕ
ਮੁਹਾਲੀ: ਪੰਜਾਬ ਸਰਕਾਰ ਵਲੋਂ ਅੰਤਰਜਾਤੀ ਵਿਆਹ ਕਰਵਾਉਣ ਵਾਲਿਆਂ ਨੂੰ ਵਿੱਤੀ ਮਦਦ ਦੇਣ ਹਿੱਤ ਸ਼ੁਰੂ ਕੀਤੀ ਗਈ ਅੰਤਰਜਾਤੀ ਵਿਆਹ ਸ਼ਗਨ ਯੋਜਨਾ ਤਹਿਤ ਵੱਡੀ ਗਿਣਤੀ ਲਾਭਪਾਤਰੀਆਂ ਨੂੰ ਦਸ ਸਾਲਾਂ ਤੋਂ ਸ਼ਗਨ ਨਹੀਂ ਮਿਲਿਆ। ਸੂਬੇ ਵਿਚ ਲਾਭਪਾਤਰੀ ਹਾਲੇ ਵੀ ਆਪਣੀ ਗਰਾਂਟ ਦੀ ਉਡੀਕ ਕਰ ਰਹੇ ਹਨ ਹਾਲਾਂਕਿ ਇਨ੍ਹਾਂ ਜੋੜਿਆਂ ਦੀ ਅਸਲ ਗਿਣਤੀ ਬਾਰੇ ਵਿਭਾਗ ਦੇ ਅਧਿਕਾਰੀ ਕੋਈ ਵੀ ਜਾਣਕਾਰੀ ਨਹੀਂ ਦੇ ਰਹੇ, ਪਰ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੋ ਕੈਬਨਿਟ ਮੰਤਰੀਆਂ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਵਿਚ ਇਨ੍ਹਾਂ ਜੋੜਿਆਂ ਦੀ ਗਿਣਤੀ 164 ਹੈ। ਜਾਣਕਾਰੀ ਅਨੁਸਾਰ ਕੇਂਦਰ ਸਪਾਂਸਰ ਸਕੀਮ ਤਹਿਤ, ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ 50 ਹਜ਼ਾਰ ਰੁਪਏ ਦੀ ਯਕਮੁਸ਼ਤ ਗ੍ਰਾਂਟ ਦਿੱਤੀ ਜਾਂਦੀ ਹੈ।
ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਹੋਰ ਸੂਬਿਆਂ ਦੀ ਤਰਜ਼ ਤੇ ਸਿਵਲ ਅਧਿਕਾਰਾਂ ਦੀ ਸੁਰੱਖਿਆ ਕਾਨੂੰਨ 1955 ਤਹਿਤ ਅੰਤਰ ਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਸਨਮਾਨਤ ਕਰਨ ਅਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੀ ਯੋਜਨਾ ਰੱਖੀ ਗਈ ਸੀ।
ਜਾਣਕਾਰੀ ਮੁਤਾਬਕ ਸੰਗਰੂਰ ਜ਼ਿਲ੍ਹੇ ’ਚ 164, ਬਰਨਾਲਾ ’ਚ 74, ਮੋਗਾ ਵਿਚ 100, ਫਰੀਦਕੋਟ ’ਚ 80, ਫਿਰੋਜ਼ਪੁਰ ਵਿਚ 78 ਤੇ ਤਰਨਤਾਰਨ ’ਚ ਕਰੀਬ 35 ਤੇ ਹੋਰਨਾਂ ਜ਼ਿਲ੍ਹਿਆਂ ’ਚ ਮੌਜੂਦ ਜੋੜੀਆਂ ਇਸ ਸ਼ਗਨ ਦੀ ਉਡੀਕ ਪਿਛਲੇ ਦਸ ਸਾਲਾਂ ਤੋਂ ਕਰ ਰਹੀਆਂ ਹਨ। ਹਰਿਆਣਾ ਸਰਕਾਰ ਵਲੋਂ ਅਜਿਹੇ ਜੋੜਿਆਂ ਨੂੰ ਸਨਮਾਨਮਣ ਲਈ ਸਰਕਾਰੀ ਨੌਕਰੀ ਤੱਕ ਦਾ ਵੀ ਐਲਾਨ ਕੀਤਾ ਹੈ। ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤ ਅਫ਼ਸਰ ਵਿਕਰਮਜੀਤ ਸਿੰਘ ਪੁਰੇਵਾਲ ਨੇ ਕਰੀਬ ਦਸ ਸਾਲ ਤੋਂ ਸ਼ਗਨ ਸਕੀਮ ਦਾ ਫੰਡ ਨਾ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਸਰਕਾਰ ਨਾਲ ਪੱਤਰ ਵਿਹਾਰ ਕੀਤਾ ਜਾ ਰਿਹਾ ਹੈ।