
ਮੋਬਾਈਲ ਬਰਾਮਦ ਕਰ ਕੇ ਮਾਲਕ ਨੂੰ ਮੋੜਿਆ, ਵੀਡੀਓ ਹੋਈ ਵਾਇਰਲ
ਮੋਬਾਈਲ ਖੋਹ ਕੇ ਭੱਜ ਰਿਹਾ ਝਪਟਮਾਰ ਚੜ੍ਹਿਆ ਲੋਕਾਂ ਦੇ ਹੱਥੇ, ਹੋਈ ਛਿੱਤਰ-ਪਰੇਡ
****
ਲੁਧਿਆਣਾ : ਜਿਵੇਂ-ਜਿਵੇਂ ਇਲਾਕੇ ਵਿਚ ਲੁੱਟਖੋਹ ਦੀਆਂ ਘਟਨਾਵਾਂ ਵਿਚ ਇਜ਼ਾਫਾ ਹੋ ਰਿਹਾ ਹੈ ਉਵੇਂ ਹੀ ਹੁਣ ਲੋਕ ਵੀ ਸਤਰਕ ਹੋ ਗਏ ਹਨ ਅਤੇ ਮੌਕੇ 'ਤੇ ਹੀ ਮੁਲਜ਼ਮਾਂ ਨੂੰ ਸਜ਼ਾ ਵੀ ਦੇ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਲੋਕਾਂ ਨੇ ਦੋ ਝਪਟਮਾਰ ਕਾਬੂ ਕਰ ਕੇ ਉਨ੍ਹਾਂ ਦੀ ਰੱਜ ਕੇ ਛਿੱਤਰ ਪਰੇਡ ਵੀ ਕੀਤੀ। ਜਾਣਕਾਰੀ ਅਨੁਸਾਰ ਭਗਤ ਸਿੰਘ ਕਲੋਨੀ ਵਿੱਚ ਲੋਕਾਂ ਨੇ ਦੋ ਝਪਟਮਾਰਾਂ ਨੂੰ ਫੜ ਲਿਆ। ਮੁਲਜ਼ਮ ਮਜ਼ਦੂਰ ਦਾ ਮੋਬਾਈਲ ਖੋਹ ਕੇ ਭੱਜ ਰਹੇ ਸਨ। ਇਸ ਦੌਰਾਨ ਲੋਕਾਂ ਨੇ ਪਿੱਛਾ ਕਰ ਕੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।
ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਲੋਕ ਕਾਨੂੰਨ ਨੂੰ ਹੱਥ 'ਚ ਲੈ ਕੇ ਬਦਮਾਸ਼ਾਂ ਦੀ ਕੁੱਟਮਾਰ ਕਰ ਰਹੇ ਹਨ। ਖੋਹ ਕਰਨ ਵਾਲਿਆਂ ਦੇ ਕਬਜ਼ੇ 'ਚੋਂ ਮੋਬਾਈਲ ਵੀ ਬਰਾਮਦ ਕੀਤੇ ਗਏ ਹਨ। ਲੋਕਾਂ ਨੇ ਬਰਾਮਦ ਕੀਤਾ ਮੋਬਾਈਲ ਉਸ ਦੇ ਮਾਲਕ ਨੂੰ ਵਾਪਸ ਸੌੰਪ ਦਿੱਤੋ ਹੈ। ਲੋਕਾਂ ਨੇ ਲੁਟੇਰਿਆਂ ਦੀ ਇਸ ਹੱਦ ਤੱਕ ਕੁੱਟਮਾਰ ਕੀਤੀ ਕਿ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ।
ਵੀਡੀਓ 'ਚ ਜਿਸ ਤਰ੍ਹਾਂ ਲੋਕ ਕਥਿਤ ਦੋਸ਼ੀਆਂ ਦੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ, ਉਸ ਤੋਂ ਜ਼ਾਹਰ ਹੈ ਕਿ ਕਿਤੇ ਨਾ ਕਿਤੇ ਖੋਹ ਕਰਨ ਵਾਲਿਆਂ ਦੇ ਨਾਲ-ਨਾਲ ਆਮ ਲੋਕਾਂ ਦੇ ਮਨਾਂ 'ਚੋਂ ਪੁਲਿਸ ਦਾ ਡਰ ਵੀ ਖਤਮ ਹੁੰਦਾ ਜਾ ਰਿਹਾ ਹੈ। ਜੋ ਖੁਦ ਮੌਕੇ 'ਤੇ ਹੀ ਦਰਦਨਾਕ ਢੰਗ ਨਾਲ ਪਸ਼ੂਆਂ ਵਾਂਗ ਝਪਤਮਾਰਾਂ ਦੀ ਛਿੱਤਰ ਪਰੇਡ ਕਰ ਰਹੇ ਹਨ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਆਪਣੀ ਜਾਨ ਬਚਾਉਣ ਲਈ ਲੋਕਾਂ ਦੇ ਸਾਹਮਣੇ ਹੱਥ ਜੋੜਦਾ ਹੈ ਪਰ ਲੋਕ ਫੁੱਟਬਾਲ ਦੀ ਤਰ੍ਹਾਂ ਉਸ ਨੂੰ ਲੱਤਾਂ ਅਤੇ ਮੁੱਕੀਆਂ ਮਾਰ ਰਹੇ ਹਨ। ਲੋਕਾਂ ਨੇ ਨੌਜਵਾਨ ਦੇ ਕੱਪੜੇ ਵੀ ਪਾੜ ਦਿੱਤੇ। ਇਸ ਘਟਨਾ ਤੋਂ ਬਾਅਦ ਇਲਾਕਾ ਪੁਲਿਸ 'ਤੇ ਵੀ ਸਵਾਲ ਚੁੱਕੇ ਜਾ ਰਹੇ ਹਨ ਕਿ ਜੇਕਰ ਇਸ ਤਰ੍ਹਾਂ ਲੋਕ ਖੁਦ ਹੀ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਗੇ ਤਾਂ ਜ਼ਿਲ੍ਹੇ 'ਚ ਪੁਲਿਸ ਦੀ ਕਾਰਜਸ਼ੈਲੀ ਕੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਵੀਡੀਓ ਵੀ ਬਣ ਚੁੱਕੀ ਹੈ ਪਰ ਅਜੇ ਤੱਕ ਇਲਾਕਾ ਪੁਲਿਸ ਨੂੰ ਅਜੇ ਤੱਕ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ।