
ਵੱਡੀ ਗਿਣਤੀ ਵਿਚ ਅਸਲ, ਹੈਰੋਇਨ ਅਤੇ ਨਸ਼ੀਲੇ ਪਦਾਰਥ ਵੀ ਕੀਤੇ ਬਰਾਮਦ
ਕਪੂਰਥਲਾ: ਸਥਾਨਕ ਪੁਲਿਸ ਵਲੋਂ ਪਿਛਲੇ ਕੁਝ ਦਿਨਾਂ ਵਿਚ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਵੱਖ-ਵੱਖ ਗੈਂਗਾਂ ਦੇ ਲੋਕਾਂ ਖ਼ਿਲਾਫ਼ 4 ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਕੁੱਲ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਕੋਲੋਂ 3 ਪਿਸਤੌਲ, ਦੋ ਰਿਵਾਲਵਰ, ਸਾਢੇ ਚਾਰ ਲੱਖ ਨਕਦੀ, 110 ਗ੍ਰਾਮ ਹੈਰੋਇਨ ਅਤੇ 1050 ਦੇ ਕਰੀਬ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਵਿਚ ਸਭ ਤੋਂ ਵੱਡੀ ਸਫਲਤਾ ਕੁਝ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਦੇ ਇੱਕ ਸ਼ਰਾਬ ਠੇਕੇ 'ਤੇ ਹੋਈ ਲੁੱਟ ਦੀ ਵਾਰਦਾਤ ਸਬੰਧੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਨੂੰ ਘਟਨਾ ਦੇ ਕੁਝ ਸਮੇਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ। ਵਾਰਦਾਤ ਵਿਚ ਵਰਤੀ ਗਈ ਸੁਰਮਈ ਰੰਗ ਦੀ ਇਨੋਵਾ ਕਰ ਅਤੇ ਦੋ ਦਾਤਰ ਵੀ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਮਗਰੋਂ ਇਸ ਵਾਰਦਾਤ ਵਿਚ ਸ਼ਾਮਲ 4 ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਗੈਂਗ ਦੇ ਲੋਕਾਂ 'ਤੇ ਰਾਜਸਥਾਨ, ਹਿਮਾਚਲ ਅਤੇ ਪੰਜਾਬ ਸਮੇਤ ਕਈ ਸੂਬਿਆਂ ਵਿਚ 11 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ ਜਿਸ ਦੇ ਅਧਾਰ 'ਤੇ ਲੁੱਟ ਦੀਆਂ ਕਈ ਵਾਰਦਾਤਾਂ ਹੱਲ ਹੋਣ ਦੀ ਸੰਭਾਵਨਾ ਹੈ।