
ਰਾਹੁਲ ਵਲੋਂ 'ਜੈ ਸ਼੍ਰੀਰਾਮ ਨਹੀਂ, ਜੈ ਸੀਆਰਾਮ ਬੋਲਣ' ਦੀ ਨਸੀਹਤ
ਨਵੀਂ ਦਿੱਲੀ, 3 ਦਸੰਬਰ : ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਇਕ ਬਿਆਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ | ਸ਼ੁਕਰਵਾਰ ਨੂੰ ਉਨ੍ਹਾਂ ਨੇ ਭਾਜਪਾ ਅਤੇ ਆਰਐਸਐਸ ਨੂੰ ਜੈ ਸੀਆਰਾਮ ਕਹਿਣ ਦੀ ਸਲਾਹ ਦਿਤੀ ਅਤੇ ਜੈ ਸ੍ਰੀ ਰਾਮ ਅਤੇ ਜੈ ਸੀਆਰਾਮ ਵਿਚ ਫਰਕ ਦਸਿਆ | ਹੁਣ ਉਨ੍ਹਾਂ ਦੇ ਬਿਆਨ 'ਤੇ ਭਾਜਪਾ ਨੇ ਨਿਸ਼ਾਨਾ ਸਾਧਿਆ ਹੈ | ਸ਼ਾਹਨਵਾਜ ਹੁਸੈਨ ਨੇ ਕਿਹਾ ਕਿ ਭਾਜਪਾ ਨੂੰ ਰਾਹੁਲ ਗਾਂਧੀ ਦੇ ਸਰਟੀਫ਼ੀਕੇਟ ਦੀ ਲੋੜ ਨਹੀਂ ਹੈ | ਉਹ ਚੋਣਾਂ ਵਾਲੇ ਹਿੰਦੂ ਹਨ | ਇਸ ਨਾਲ ਹੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਰਾਹੁਲ ਗਾਂਧੀ ਨਾਟਕ ਮੰਡਲੀ ਦੇ ਨੇਤਾ ਹਨ | ਉਹ ਕੋਟ ਉਪਰ ਜਨੇਊ ਪਾਉਂਦੇ ਹਨ | ਉਨ੍ਹਾਂ ਨੂੰ ਭਾਰਤ ਦੀ ਸੰਸਕਿ੍ਤੀ ਬਾਰੇ ਕੁੱਝ ਨਹੀਂ ਪਤਾ ਹੈ | ਬਸ ਗਲੀ-ਗਲੀ ਦੌੜ ਰਹੇ ਹਨ, ਕਿਉਂਕਿ ਜਨਤਾ ਨੇ ਉਨ੍ਹਾਂ ਨੂੰ ਨਕਾਰ ਦਿਤਾ ਹੈ |
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਸ਼ੁਕਰਵਾਰ ਨੂੰ ਮੱਧ ਪ੍ਰਦੇਸ਼ ਦੇ ਆਗਰ-ਮਾਲਵਾ ਵਿਚ ਸੀ | ਇਸ ਦੌਰਾਨ ਉਨ੍ਹਾਂ ਆਗਰ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ 'ਜੈ ਸ੍ਰੀ ਰਾਮ', 'ਜੈ ਸੀਆਰਾਮ' ਅਤੇ 'ਹੇ ਰਾਮ' ਦੇ ਨਾਹਰਿਆਂ ਦੀ ਅਪਣੇ ਅੰਦਾਜ ਵਿਚ ਵਿਆਖਿਆ ਕੀਤੀ | ਉਨ੍ਹਾਂ ਕਿਹਾ ਕਿ 'ਜੈ ਸੀਆਰਾਮ' ਦਾ ਕੀ ਅਰਥ ਹੈ? ਜੈ ਸੀਤਾ ਅਤੇ ਜੈ ਰਾਮ, ਭਾਵ ਸੀਤਾ ਅਤੇ ਰਾਮ ਇਕ ਹੀ ਹਨ | ਇਸੇ ਲਈ ਨਾਹਰਾ ਜੈ ਸੀਆਰਾਮ ਜਾਂ ਜੈ ਸੀਤਾਰਾਮ ਹੈ | ਭਗਵਾਨ ਰਾਮ ਸੀਤਾ ਜੀ ਦੇ ਸਨਮਾਨ ਲਈ ਲੜੇ ਸਨ | ਅਸੀਂ ਜੈਸੀਆਰਾਮ ਕਹਿੰਦੇ ਹਾਂ ਅਤੇ ਸਮਾਜ ਵਿਚ ਸੀਤਾ ਵਰਗੀਆਂ ਔਰਤਾਂ ਦਾ ਸਤਿਕਾਰ ਕਰਦੇ ਹਾਂ | ਜੈ ਸ੍ਰੀ ਰਾਮ, ਇਸ ਵਿਚ ਅਸੀਂ ਕਹਿੰਦੇ ਹਾਂ ਭਗਵਾਨ ਰਾਮ ਦੀ ਜੈ | ਪੰਡਤ ਜੀ ਨੇ ਮੈਨੂੰ ਕਿਹਾ ਕਿ ਤੁਸੀਂ ਅਪਣੇ ਭਾਸ਼ਣ ਵਿਚ ਪੁੱਛੋ ਕਿ ਭਾਜਪਾ ਵਾਲੇ ਜੈ ਸ੍ਰੀ ਰਾਮ ਦਾ ਜਾਪ ਕਰਦੇ ਹਨ, ਪਰ ਜੈ ਸੀਆਰਾਮ ਅਤੇ ਹੇ ਰਾਮ ਕਿਉਂ ਨਹੀਂ ਬੋਲਦੇ |
ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਅਤੇ ਭਾਜਪਾ ਦੇ ਲੋਕ ਉਸ ਭਾਵਨਾ ਨਾਲ ਅਪਣਾ ਜੀਵਨ ਨਹੀਂ ਜੀਉਂਦੇ, ਜਿਸ ਭਾਵਨਾ ਨਾਲ ਭਗਵਾਨ ਰਾਮ ਨੇ ਅਪਣਾ ਜੀਵਨ ਬਤੀਤ ਕੀਤਾ ਸੀ | ਰਾਮ ਨੇ ਕਿਸੇ ਨਾਲ ਬੇਇਨਸਾਫੀ ਨਹੀਂ ਕੀਤੀ | ਰਾਮ ਨੇ ਸਮਾਜ ਨੂੰ ਜੋੜਨ ਦਾ ਕੰਮ ਕੀਤਾ | ਰਾਮ ਨੇ ਸਾਰਿਆਂ ਨੂੰ ਸਤਿਕਾਰ ਦਿਤਾ | ਆਰ.ਐਸ.ਐਸ. ਅਤੇ ਭਾਜਪਾ ਦੇ ਲੋਕ ਭਗਵਾਨ ਰਾਮ ਦੇ ਜੀਵਨ ਮਾਰਗ 'ਤੇ ਨਹੀਂ ਚੱਲਦੇ | ਉਹ ਸੀਆਰਾਮ ਅਤੇ ਸੀਤਾਰਾਮ ਨਹੀਂ ਕਰ ਸਕਦੇ, ਕਿਉਂਕਿ ਉਨ੍ਹਾਂ ਦੇ ਸੰਗਠਨ ਵਿਚ ਕੋਈ ਔਰਤ ਨਹੀਂ ਹੈ, ਇਸ ਲਈ ਇਹ ਜੈ ਸੀਆਰਾਮ ਦੀ ਸੰਸਥਾ ਨਹੀਂ ਹੈ, ਸੀਤਾ ਉਨ੍ਹਾਂ ਦੇ ਸੰਗਠਨ ਵਿਚ ਨਹੀਂ ਆ ਸਕਦੀ, ਸੀਤਾ ਨੂੰ ਬਾਹਰ ਕੱਢ ਦਿਤਾ ਗਿਆ ਹੈ | ਇਕ ਪੰਡਤ ਜੀ ਨੇ ਇਹ ਗੱਲਾਂ ਮੈਨੂੰ ਰਾਹ ਵਿਚ ਕਹੀਆਂ | ਰਾਹੁਲ ਨੇ ਕਿਹਾ ਕਿ ਮੈਂ ਆਰਐਸਐਸ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜੈ ਸ੍ਰੀਰਾਮ, ਜੈ ਸੀਆਰਾਮ ਅਤੇ ਹੇ ਰਾਮ ਦੀ ਵਰਤੋਂ ਕਰਨ ਲਈ ਕਹਿਣਾ ਚਾਹੁੰਦਾ ਹਾਂ ਕਿ ਸੀਤਾ ਜੀ ਦਾ ਅਪਮਾਨ ਨਾ ਕਰੋ |
ਇਸ 'ਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ, ''ਰਾਹੁਲ ਬਾਬਾ ਦਾ ਗਿਆਨ ਬਾਬਾ-ਬਾਬਾ ਬਲੈਕ ਸ਼ੀਪ ਤਕ ਸੀਮਤ ਹੈ | ਰਾਮ ਦੀ ਸ਼ੁਰੂਆਤ ਸ੍ਰੀ ਨਾਲ ਹੁੰਦੀ ਹੈ ਅਤੇ ਸ਼੍ਰੀ ਕੇਵਲ ਭਗਵਾਨ ਵਿਸ਼ਨੂੰ ਦੀ ਪਤਨੀ ਲਕਸ਼ਮੀ ਅਤੇ ਸੀਤਾ ਲਈ ਵਰਤਿਆ ਜਾਂਦਾ ਹੈ | ਇਤਿਹਾਸ ਵੇਖ ਲਓ |'' (ਏਜੰਸੀ)