
ਇਕ ਵਾਰ ਪੁਲਸ ਦੀ ਕਾਰਵਾਈ ਤੋਂ ਭਰੋਸਾ ਉੱਠ ਗਿਆ ਸੀ ਪਰ ਹੁਣ ਉਮੀਦ ਜਾਗ ਰਹੀ ਹੈ ਕਿ ਇਨਸਾਫ਼ ਮਿਲ ਜਾਵੇਗਾ।
ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਫਿਰ ਘਰ ਆਏ ਸਿੱਧੂ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ। ਜਿਸ ਦੌਦਾਰਨ ਉਹਨਾਂ ਨੇ ਕਿਹਾ ਕਿ ਬੀਤੇ ਦਿਨ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਜਾ ਕੇ ਮਾਮਲੇ ਵਿਚ ਕਾਰਵਾਈ ਸ਼ੁਰੂ ਹੋਈ ਹੈ
ਪਰ ਜੋ ਕੰਮ ਸਰਕਾਰ ਨੂੰ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਉਹ ਹੁਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਹਿਲਾਂ ਇਸ ਮਾਮਲੇ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਗਈ ਅਤੇ ਮੁਲਜ਼ਮਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ ਪਰ ਹੁਣ ਸਾਰੀ ਜਾਂਚ ਦੀ ਸ਼ੁਰੂਆਤ ਨਵੇਂ ਸਿਰਿਓਂ ਕੀਤੀ ਗਈ ਹੈ।
ਪਹਿਲਾਂ ਵਾਲੀ ਜਾਂਚ 'ਚ ਤਾਂ ਮਾਨਸਾ ਪੁਲਿਸ ਦੇ ਸੀ. ਆਈ. ਏ. ਸਟਾਫ਼ ਦਾ ਮੁਖੀ ਹੀ ਗੈਂਗਸਟਰਾਂ ਨਾਲ ਮਿਲਿਆ ਹੋਇਆ ਸੀ, ਜਿਸ ਕਾਰਨ ਇਕ ਵਾਰ ਪੁਲਸ ਦੀ ਕਾਰਵਾਈ ਤੋਂ ਭਰੋਸਾ ਉੱਠ ਗਿਆ ਸੀ ਪਰ ਹੁਣ ਉਮੀਦ ਜਾਗ ਰਹੀ ਹੈ ਕਿ ਇਨਸਾਫ਼ ਮਿਲ ਜਾਵੇਗਾ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਅਸੀਂ ਨਾ ਸਰਕਾਰ ਦੀ ਚਾਪਲੂਸੀ ਕਰਦੇ ਹਾਂ ਨਾ ਪੁਲਿਸ ਦੀ। ਉਹਨਾਂ ਨੇ ਵਿਰੋਧੀਆਂ ਖਿਲਾਫ਼ ਬੋਲਦਿਆਂ ਕਿਹਾ ਕਿ ਕਈ ਆਗੂ ਅਪਣੀ ਚੜ੍ਹਤ ਬਣਾਉਣ ਲਈ ਗਲਤ ਬਿਆਨ ਦਿੰਦੇ ਹਨ ਤੇ ਸਾਨੂੰ ਵੀ ਮੰਦਾ ਬੋਲਦੇ ਹਨ ਪਰ ਮੈਂ ਲੋਕਾਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਇਹਨਾਂ ਆਗੂਆਂ ਦੀ ਕਿਸੇ ਵੀ ਪੋਸਟ 'ਤੇ ਕੋਈ ਕੁਮੈਂਟ ਵਗੈਰਾ ਨਾ ਕਰਨ ਕਿਉਂਕਿ ਇਹਨਾਂ ਨੂੰ ਸਿਰਫ਼ ਸ਼ੌਹਰਤ ਚਾਹੀਦੀ ਹੈ, ਤੇ ਸਿਰਫ਼ ਅਪਣੇ ਵਿਊਜ਼ ਵਧਾਉਣਾ ਚਾਹੁੰਦੇ ਹਨ।